ਅਟਾਰੀ (ਦਿਲਬਾਗ ਸਿੰਘ ਗਿੱਲ): ਕਰੋਨਾਵਾਇਰਸ ਦੇ ਫੈਲਣ ਦੇ ਡਰ ਕਾਰਨ ਬੰਦ ਹੋਇਆ ਭਾਰਤ-ਅਫ਼ਗਾਨਿਸਤਾਨ ਵਪਾਰ ਚਾਰ ਮਹੀਨਿਆਂ ਦੀ ਖੜੋਤ ਤੋਂ ਬਾਅਦ ਅੱਜ ਮੁੜ ਤੋਂ ਸ਼ੁਰੂ ਹੋਇਆ। ਅੱਜ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦੇ 2 ਟਰੱਕ ਵਾਹਗਾ-ਅਟਾਰੀ ਸਰਹੱਦ ਰਸਤੇ (ਸੰਗਠਿਤ ਚੈੱਕ ਪੋਸਟ ਅਟਾਰੀ) ਭਾਰਤ ਪੁੱਜੇ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਵਪਾਰ ਬਹਾਲੀ ਲਈ 15 ਜੁਲਾਈ ਤੋਂ ਮਨਜ਼ੂਰੀ ਮਿਲ ਗਈ ਸੀ ਪਰ ਇਸ ਦੇ ਅਮਲ ਵਿੱਚ ਆਉਂਦਿਆਂ ਤਿੰਨ ਦਿਨਾਂ ਦਾ ਸਮਾਂ ਲੱਗਾ। ਭਾਰਤ ਅਫ਼ਗਾਨਿਸਤਾਨ ਤੋਂ ਮੁਨੱਕੇ, ਅੰਜੀਰ, ਅਖਰੋਟ, ਬਦਾਮ, ਖੁਮਾਨੀ, ਪਿਸ਼ਤਾ ਅਤੇ ਕਾਜੂ ਦਾ 1500 ਕਰੋੜ ਦਾ ਔਸਤਨ ਸਾਲਾਨਾ ਵਪਾਰ ਆਯਾਤ ਕਰਦਾ ਹੈ। ਮਾਰਚ ਮਹੀਨੇ ਵਿੱਚ ਕਰੋਨਾ ਦੇ ਤੇਜ਼ੀ ਨਾਲ ਵਧਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਵੱਲੋਂ ਅਫ਼ਗਾਨਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਅਫ਼ਗਾਨਿਸਤਾਨ ਦੇ ਭਾਰਤ ਨਾਲ ਹੋਣ ਵਾਲੇ ਵਪਾਰ ਲਈ ਆਪਣੀ ਸੜਕ ਦੀ ਵਰਤੋਂ ਕਰਨ ਦੇ ਬਦਲੇ ਟੈਕਸ ਲੈਂਦਾ ਹੈ। ਵਪਾਰ ਸ਼ੁਰੂ ਹੋਣ ’ਤੇ ਅਟਾਰੀ ਸਰਹੱਦ ਵਿੱਚ ਢੋਆ-ਢੁਆਈ ਦਾ ਕੰਮ ਕਰਦੇ ਕੁਲੀਆਂ, ਟਰੱਕ ਅਪਰੇਟਰਾਂ ਅਤੇ ਢਾਬਾ ਮਾਲਕਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ।