ਇਕਬਾਲ ਸਿੰਘ ਸ਼ਾਂਤ
ਲੰਬੀ, 11 ਮਾਰਚ
ਪੰਜਾਬ ਵਿੱਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀਆਂ ਕਨਸੋਆਂ ਨਾਲ ਸਿਆਸੀ ਜੋੜ-ਤੋੜ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੀਆਂ ‘ਵੱਡੀਆਂ’ ਤਿਆਰੀਆਂ ਦੇ ਅੰਦਾਜ਼ ਤੋਂ ਲੰਬੀ ਸੀਟ ਤੋਂ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜਨ ਦੇ ਸੰਕੇਤ ਹਨ। ਪਾਰਟੀ ਦੀ ਰਣਨੀਤੀ ਤਹਿਤ ਪਿੰਡਾਂ ’ਚ ਹਰੇਕ ਇੱਕ ਸੌ ਵੋਟ ’ਤੇ ਇੱਕ ਇੰਚਾਰਜ ਥਾਪਿਆ ਗਿਆ ਹੈ। ਜਿੱਤ ਦਾ ਅੰਤਰ ਦੁੱਗਣਾ ਕਰਨ ਲਈ ਹੁਣ ਖੁਦ ਸੁਖਬੀਰ ਸਿੰਘ ਬਾਦਲ ਸਰਗਰਮੀ ਨਾਲ ਨਵੇਂ ਸ਼ਕਤੀ ਸੰਚਾਰ ’ਚ ਜੁਟੇ ਹੋਏ ਹਨ। ਉਨ੍ਹਾਂ ਅੱਜ ਬਾਦਲ ਪਿੰਡ ਰਿਹਾਇਸ਼ ’ਤੇ ਹਲਕੇ ਦੇ 22 ਪਿੰਡਾਂ ਦੀਆਂ ਚੋਣ ਬੂਥ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ। ਸੁਖਬੀਰ ਦੇ ਜਲਾਲਾਬਾਦ ਦੀ ਥਾਂ ਲੰਬੀ ਤੋਂ ਮੈਦਾਨ ’ਚ ਉਤਰਨ ਦੀ ਸੂਰਤ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੇ ਕਿਆਸ ਹਨ। ਪਿੱਛੇ ਜਿਹੇ ਅਕਾਲੀ ਦਲ ਪ੍ਰਧਾਨ ਨੇ ਵੀ ਅਗਾਮੀ ਸੂਬਾਈ ਚੋਣਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੜਨ ਦੀ ਗੱਲ ਆਖੀ ਸੀ। ਜ਼ਿਕਰਯੋਗ ਹੈ ਕਿ ਪਿਛਲੀਆਂ ਸੂਬਾਈ ਚੋਣਾਂ ਮੌਕੇ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਕਾਰੀ ਚੋਣ ’ਚ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੰਬੀ ਹਲਕੇ ’ਚ ਪ੍ਰਕਾਸ਼ ਸਿੰਘ ਬਾਦਲ ਮੂਹਰੇ 22,770 ਵੋਟਾਂ ਦੇ ਫ਼ਰਕ ਨਾਲ ਹਾਰ ਝੱਲਣੀ ਪਈ ਸੀ।ਪਿਛਲੇ ਤਿੰਨ ਹਫ਼ਤਿਆਂ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਨੇਹੀਆਂ ਅਤੇ ਪਾਰਟੀ ਆਗੂਆਂ ਦੇ ਖੁਸ਼ੀ-ਗਮੀ ਦੇ ਸਮਾਗਮਾਂ ’ਚ ਪੁੱਜ ਰਹੇ ਹਨ। ਸੁਖਬੀਰ ਬਾਦਲ ਬੀਤੇ ਚਾਰ ਮਹੀਨਿਆਂ ’ਚ ਯੂਥ ਅਕਾਲੀ ਦਲ ਹਲਕਾ ਲੰਬੀ ਦੇ ਕਾਡਰ ਨਾਲ ਤਿੰਨ ਮੀਟਿੰਗਾਂ ਕਰ ਚੁੱਕੇ ਹਨ। ਯੂਥ ਅਕਾਲੀ ਦਲ ਦੇ ਪੰਜਾਹ-ਪੰਜਾਹ ਸਰਗਰਮ ਯੂਥ ਵਿੰਗ ਵਰਕਰਾਂ ਦੇ 19 ਜ਼ੋਨ ਬਣਾ ਕੇ ਹਲਕੇ ਭਰ ’ਚ 950 ਕਾਰਕੁਨ ਦਾ ਜਥੇਬੰਦਕ ਕੀਤੇ ਗਏ ਹਨ। ਸੂਤਰਾਂ ਅਨੁਸਾਰ ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਮਹੇਸ਼ਇੰਦਰ ਸਿੰਘ ਬਾਦਲ ਦੇ ਫਰਜ਼ੰਦ ਫਤਿਹ ਸਿੰਘ ਬਾਦਲ ਦੇ ਚੋਣ ਮੈਦਾਨ ’ਚ ਉਤਰਨ ਦੀ ਤਿਆਰੀ ਜਾਪਦੀ ਹੈ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਸੁਖਬੀਰ ਵੱਲੋਂ ਲੰਬੀ ਹਲਕੇ ਦੀਆਂ ਬੂਥ ਕਮੇਟੀਆਂ ਨਾਲ ਮੀਟਿੰਗ ਦਾ ਦੌਰ ਦੋ ਦਿਨ ਹੋਰ ਚੱਲੇਗਾ।