ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਉਪਰਾਲਿਆਂ ਸਦਕਾ 177 ਪਰਵਾਸੀ ਭਾਰਤੀ ਸਹੀ ਸਲਾਮਤ ਆਪਣੇ ਘਰ ਪਰਤ ਆਏ ਹਨ। ਸਮਾਜ ਸੇਵਕ ਤੇ ਸੰਸਥਾ ਦੇ ਚੇਅਰਮੈਨ ਡਾ. ਐੱਸਪੀ ਸਿੰਘ ਓਬਰਾਏ ਇਨ੍ਹਾਂ ਪੀੜਤ ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਬੁੱਧਵਾਰ ਨੂੰ ਬਾਅਦ ਦੁਪਹਿਰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਪਹੁੰਚੇ। ਰੁਜ਼ਗਾਰ ਦੀ ਭਾਲ ਵਿੱਚ ਵੱਖ-ਵੱਖ ਮੁਲਕਾਂ ’ਚ ਗਏ ਇਹ ਵਿਅਕਤੀ ਤਾਲਾਬੰਦੀ ਕਾਰਨ ਉਥੇ ਹੀ ਫਸ ਗਏ ਸਨ।
ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇਸ ਫਲਾਈਟ ਵਿੱਚ ਅੱਜ 177 ਯਾਤਰੀ ਵਤਨ ਪਰਤੇ ਹਨ। ਇਨ੍ਹਾਂ ਵਿੱਚ 157 ਪੰਜਾਬੀ, 16 ਹਿਮਾਚਲ ਪ੍ਰਦੇਸ਼ ਅਤੇ 4 ਜੰਮੂ-ਕਸ਼ਮੀਰ ਨਾਲ ਸਬੰਧਤ ਹਨ। ਸ੍ਰੀ ਓਬਰਾਏ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਚਾਰ ਚਾਰਟਰ ਫਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ’ਚੋਂ ਪਹਿਲੀ ਫਲਾਈਟ ਵਿੱਚ 177 ਪੰਜਾਬੀ ਤੇ ਦੂਜੀ ਫਲਾਈਟ ਵਿੱਚ 200 ਨੌਜਵਾਨਾਂ ਆਏ ਸਨ। ਅੱਜ ਤੀਜੀ ਫਲਾਈਟ ਵਿੱਚ 177 ਪੀੜਤਾਂ ਨੂੰ ਲਿਆਂਦਾ ਗਿਆ ਤੇ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਪਹੁੰਚੇਗੀ।
ਮੁਹਾਲੀ ਏਅਰਪੋਰਟ ਥਾਣੇ ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਬਾਹਰਲੇ ਮੁਲਕਾਂ ਤੋਂ ਆਉਣ ਸਾਰੇ ਮੁਸਾਫ਼ਰਾਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਦੇ ਆਦੇਸ਼ ਦੇਣ ਸਮੇਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।