ਦਿਲਬਾਗ ਸਿੰਘ ਗਿੱਲ
ਅਟਾਰੀ, 28 ਜੂਨ
ਕਰੋਨਾਵਾਇਰਸ ਕਾਰਨ ਤਾਲਾਬੰਦੀ ਦੌਰਾਨ ਪਾਕਿਸਤਾਨ ਵਿੱਚ ਫਸੇ 117 ਭਾਰਤੀ ਯਾਤਰੀ ਅੱਜ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਅੱਜ ਪਾਕਿਸਤਾਨ ਤੋਂ ਵਤਨ ਪਰਤੇ ਯਾਤਰੀ ਜੰਮੂ-ਕਸ਼ਮੀਰ ਸਮੇਤ ਅਤੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ 84 ਭਾਰਤੀ ਮੂਲ ਦੇ ਅਤੇ 33 ਪਾਕਿਸਤਾਨੀ ਮੂਲ ਦੇ ਨਾਗਰਿਕ ਸ਼ਾਮਲ ਹਨ। ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ ਭਾਰਤੀ ਯਾਤਰੀਆਂ ਦਾ ਸਾਂਝੀ ਜਾਂਚ ਚੌਕੀ ਅਟਾਰੀ ਵਿੱਚ ਮੈਡੀਕਲ ਸਕਰੀਨਿੰਗ ਕੀਤੀ ਗਈ। ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਯਾਤਰੀ ਆਪੋ-ਆਪਣੇ ਰਾਜਾਂ ਨੂੰ ਜਾਣ ਲਈ ਰਵਾਨਾ ਹੋ ਗਏ। ਇਸ ਮੌਕੇ ਵੱਖ-ਵੱਖ ਯਾਤਰੀਆਂ ਨੇ ਦੱਸਿਆ ਕਿ ਵਤਨ ਪਰਤ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਵਿੱਚ ਠਹਿਰਨ ਦੌਰਾਨ ਉਨ੍ਹਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਰਾਹੀਂ ਪਾਕਿਸਤਾਨ ਸਰਕਾਰ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਪਾਕਿਸਤਾਨ ਸਰਕਾਰ ਵੱਲੋਂ ਵਿਸ਼ੇਸ਼ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਵਤਨ ਪਰਤੇ ਹਨ।
ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਮਛੇਰੇ ਤੇ ਇੱਕ ਸਿਵਲ ਕੈਦੀ ਰਿਹਾਅ
ਅਟਾਰੀ: ਭਾਰਤ ਸਰਕਾਰ ਵੱਲੋਂ ਦੋ ਵੱਖ-ਵੱਖ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਗਏ ਤਿੰਨ ਪਾਕਿਸਤਾਨੀ ਮਛੇਰੇ ਅਤੇ ਇੱਕ ਸਿਵਲ ਕੈਦੀ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਤਨ ਪਰਤੇ। ਅਟਾਰੀ-ਵਾਹਗਾ ਸਰਹੱਦ ਵਿਖੇ ਪਾਕਿਸਤਾਨੀ ਮਛੇਰਿਆਂ ਤੇ ਸਿਵਲ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਪਾਕਿਸਤਾਨ ਰੇਂਜਰਜ਼ ਅਧਿਕਾਰੀ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀ ਹਾਜ਼ਰ ਸਨ। ਗੁਜਰਾਤ ਦੀ ਪਲਾਰਾ ਜੇਲ੍ਹ ਜ਼ਿਲ੍ਹਾ ਭੁੱਜ ਤੋਂ ਰਿਹਾਅ ਹੋਏ ਤਿੰਨ ਮਛੇਰਿਆਂ ਵਿੱਚ ਜੁਮਾ ਮੁਮਾਦ, ਮੁਮਾਦ ਹਸਨ ਅਤੇ ਵਾਤ ਮੁਹੰਮਦ ਸ਼ਾਮਲ ਸਨ, ਜਿਨ੍ਹਾਂ ਨੂੰ ਸਮੁੰਦਰ ’ਚ ਮੱਛੀਆਂ ਫੜਦੇ ਸਮੇਂ ਭਾਰਤੀ ਖੇਤਰ ਦੇ ਪਾਣੀਆਂ ਵਿੱਚ ਦਾਖ਼ਲ ਹੋ ਜਾਣ ਸਮੇਂ 2016 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਿੰਨੇ ਮਛੇਰੇ ਪਲਾਰਾ ਜੇਲ੍ਹ (ਭੁੱਜ) ਗੁਜਰਾਤ ’ਚ ਬੰਦ ਸਨ। ਮੁਹੰਮਦ ਰਮਜ਼ਾਨ ਵਾਸੀ ਲਾਹੌਰ (ਪਾਕਿਸਤਾਨ) ਜੋ ਖੇਮਕਰਨ ਤੋਂ ਗੈਰਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ। ਸਰਹੱਦ ਤੋਂ ਮੌਕੇ ’ਤੇ ਫੜ੍ਹੇ ਜਾਣ ’ਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸੀ।