ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਕਤੂਬਰ
ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਭਾਰਤੀ ਫੌਜ ਦੇ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਕਰੁਨਾਲ ਕੁਮਾਰ ਬਾਰੀਆ ਵਾਸੀ ਗੁਜਰਾਤ ਵਜੋਂ ਹੋਈ ਹੈ। ਉਹ ਇਸ ਵੇਲੇ ਫਿਰੋਜ਼ਪੁਰ ਛਾਉਣੀ ਦੇ ਆਈਟੀ ਸੈੱਲ ਵਿੱਚ ਤਾਇਨਾਤ ਸੀ। ਉਸ ਨੇ ਭਾਰਤੀ ਫੌਜ ਬਾਰੇ ਕੁਝ ਅਹਿਮ ਜਾਣਕਾਰੀਆਂ ਪਾਕਿਸਤਾਨੀ ਏਜੰਸੀ ਨੂੰ ਭੇਜੀਆਂ ਹਨ, ਜਿਸ ਲਈ ਉਸ ਨੂੰ ਕੁਝ ਰਕਮ ਦਾ ਭੁਗਤਾਨ ਵੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਐੱਸਐੱਸਓਸੀ ਦੇ ਅੰਮ੍ਰਿਤਸਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਜਵਾਨ ਦੇ ਮੋਬਾਈਲ ’ਚੋਂ ਕੁਝ ਅਹਿਮ ਦਸਤਾਵੇਜ਼ ਵੀ ਮਿਲੇ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਪਤਾ ਲਾਇਆ ਜਾਵੇਗਾ ਕਿ ਇਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਇਸ ਨਾਲ ਹੋਰ ਵੀ ਸਾਥੀ ਸ਼ਾਮਲ ਸਨ।