ਪੱਤਰ ਪ੍ਰੇਰਕ
ਅਟਾਰੀ, 14 ਅਕਤੂਬਰ
ਪਾਕਿਸਤਾਨ ਸਥਿਤ ਕੇਂਦਰੀ ਜੇਲ੍ਹ ਲਾਹੌਰ ਵਿੱਚੋਂ ਰਿਹਾਅ ਹੋਇਆ ਇੱਕ ਭਾਰਤੀ ਕੈਦੀ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਇਆ ਹੈ। ਵਾਹਗਾ-ਅਟਾਰੀ ਸਰਹੱਦ ’ਤੇ ਭਾਰਤੀ ਕੈਦੀ ਨੂੰ ਪਾਕਿਸਤਾਨ ਰੇਂਜਰ ਅਧਿਕਾਰੀ ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਦੇ ਹਵਾਲੇ ਕੀਤਾ। ਇਸ ਮੌਕੇ ਸਰਹੱਦ ਦੇ ਦੋਵੇਂ ਪਾਸੇ ਕਸਟਮ, ਇਮੀਗ੍ਰੇਸ਼ਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਪਾਕਿਸਤਾਨ ਤੋਂ ਪਰਤੇ ਕੈਦੀ ਦੀ ਪਛਾਣ ਮਹਿੰਦਰ ਸਿੰਘ ਉਰਫ ਰਾਜੂ ਪੁੱਤਰ ਖੁਸ਼ਹਾਲ ਸਿੰਘ ਵਾਸੀ ਡੱਡਵਾਂ (ਧਾਰੀਵਾਲ) ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਅਟਾਰੀ ਸਰਹੱਦ ’ਤੇ ਕਸਟਮ ਅਤੇ ਇਮੀਗੇਸ਼ਨ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਬਲਕਾਰ ਸਿੰਘ ਪੰਚਾਇਤ ਅਫ਼ਸਰ ਅਟਾਰੀ ਦੇ ਹਵਾਲੇ ਕੀਤਾ ਗਿਆ, ਜੋ ਉਸ ਨੂੰ ਲੈ ਕੇ ਰੈੱਡ ਕਰਾਸ ਭਵਨ ਅੰਮ੍ਰਿਤਸਰ ਲਈ ਰਵਾਨਾ ਹੋਇਆ।