ਪੱਤਰ ਪ੍ਰੇਰਕ
ਅਟਾਰੀ, 31 ਮਈ
ਪਾਕਿਸਤਾਨ ਸਰਕਾਰ ਵੱਲੋਂ ਜੇਲ੍ਹ ਵਿੱਚੋਂ ਰਿਹਾਅ ਕੀਤਾ ਭਾਰਤੀ ਸਿਵਲ ਕੈਦੀ ਅੱਜ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਿਆ। ਵਾਹਗਾ-ਅਟਾਰੀ ਸਰਹੱਦ ’ਤੇ ਭਾਰਤੀ ਸਿਵਲ ਕੈਦੀ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਫੈਜ਼ਲ ਵੱਲੋਂ ਸੀਮਾ ਸੁਰੱਖਿਆ ਬਲ ਦੇ 88ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਆਰਐੱਸ ਬਧੌਰੀਆ ਸਿੰਘ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸਰਹੱਦ ਦੇ ਦੋਵੇਂ ਪਾਸੇ ਕਸਟਮ, ਇਮੀਗ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਵਤਨ ਪਰਤਿਆ ਭਾਰਤੀ ਸਿਵਲ ਕੈਦੀ ਵੰਦਮ ਪ੍ਰਸੰਨਨਾਥ (28) ਪੁੱਤਰ ਬਾਬੂ ਰਾਓ ਵਾਸੀ ਭਾਗਥ ਸਿੰਘ ਨਗਰ ਹੈਦਰਾਬਾਦ, ਤੇਲੰਗਾਨਾ ਦਾ ਰਹਿਣ ਵਾਲਾ ਹੈ। ਸਰਹੱਦ ’ਤੇ ਪ੍ਰਕਿਰਿਆ ਪੂਰੀ ਕਰਨ ਮਗਰੋਂ ਉਸ ਨੂੰ ਨਾਇਬ ਤਹਿਸੀਲਦਾਰ ਅਟਾਰੀ ਬੀਰ ਕਰਨ ਸਿੰਘ ਹਵਾਲੇ ਕੀਤਾ ਗਿਆ।