ਪੱਤਰ ਪ੍ਰੇਰਕ
ਅਟਾਰੀ, 1 ਅਗਸਤ
ਟੋਕੀਓ ਓਲੰਪਿਕ ਵਿੱਚ ਭਾਰਤ ਦੀ ਟੀਮ ਨੇ 1972 ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚ ਕੇ ਹਾਕੀ ਦੀਆਂ ਪੁਰਾਣੀਆਂ ਯਾਦਾਂ ਨੂੰ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ। ਮੌਜੂਦਾ ਭਾਰਤੀ ਟੀਮ ਵਿਚ ਖੇਡ ਰਹੇ ਖਿਡਾਰੀ ਸ਼ਮਸ਼ੇਰ ਸਿੰਘ ਦੇ ਜੱਦੀ ਪਿੰਡ ਅਟਾਰੀ ਦਾ ਦੌਰਾ ਕੀਤਾ ਗਿਆ ਤਾਂ ਉਸ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਉੱਥੇ ਇਹ ਵੀ ਦੇਖਿਆ ਗਿਆ ਕਿ ਪਿੰਡ ਦੇ ਜ਼ਿਆਦਾਤਰ ਲੋਕ ਆਪਣੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਦੇ ਘਰ ਵਿੱਚ ਇਗਲੈਂਡ ਨਾਲ ਭਾਰਤ ਦਾ ਉਹ ਮੈਚ ਦੇਖ ਰਹੇ ਸਨ ਜਿਸ ਵਿੱਚ ਭਾਰਤ ਨੇ ਇੰਗਲੈਂਡ ਨੂੰ 3-1 ਨਾਲ ਹਰਾਇਆ ਹੈ। ਇਸ ਮੌਕੇ ਸ਼ਮਸ਼ੇਰ ਦੇ ਪਿਤਾ ਹਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਸਣੇ ਸਮੁੱਚੀ ਭਾਰਤੀ ਟੀਮ ’ਤੇ ਮਾਣ ਹੈ।