ਪੱਤਰ ਪ੍ਰੇਰਕ
ਅਟਾਰੀ, 29 ਜਨਵਰੀ
ਪਾਕਿਸਤਾਨ ਸਥਿਤ ਕਰਾਚੀ ਦੀ ਲਾਂਡੀ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਭਾਰਤੀ ਮੂਲ ਦੇ ਮਛੇਰੇ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਉਪਰੰਤ ਅੱਜ ਉਸ ਦੀ ਮ੍ਰਿਤਕ ਦੇਹ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਭੇਜੀ ਗਈ। ਪ੍ਰਾਪਤ ਜਾਣਾਕਾਰੀ ਅਨੁਸਾਰ ਸਾਲੰਕੀ ਜੈਅੰਤੀ ਬਾਈ ਪੁੱਤਰ ਕ੍ਰਿਸ਼ਨ ਵਾਸੀ ਜ਼ਿਲ੍ਹਾ ਗਿਰ ਸੋਮਨਾਥ, ਗੁਜਰਾਤ ਦਾ ਰਹਿਣ ਵਾਲਾ ਸੀ। ਉਹ ਸਮੁੰਦਰ ਵਿੱਚ ਮੱਛੀਆਂ ਫੜਦੇ ਸਮੇਂ ਪਾਕਿਸਤਾਨੀ ਖੇਤਰ ਦੇ ਪਾਣੀ ਵਿੱਚ ਦਾਖ਼ਲ ਹੋਣ ਦੇ ਦੋਸ਼ ਤਹਿਤ ਸਾਥੀਆਂ ਸਣੇ ਕਰਾਚੀ ਦੀ ਲਾਂਡੀ ਜੇਲ੍ਹ ਵਿੱਚ ਬੰਦ ਸੀ। ਜੇਲ੍ਹ ਵਿੱਚ ਅਚਾਨਕ 14 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਅੱਜ ਡੇਢ ਮਹੀਨੇ ਬਾਅਦ ਉਸ ਦੀ ਲਾਸ਼ ਵਤਨ ਭੇਜੀ ਗਈ ਹੈ। ਵਾਹਗਾ-ਅਟਾਰੀ ਸਰਹੱਦ ’ਤੇ ਭਾਰਤੀ ਮਛੇਰੇ ਸਾਲੰਕੀ ਜੈਅੰਤੀ ਬਾਈ ਦੀ ਮ੍ਰਿਤਕ ਦੇਹ ਨੂੰ ਭਾਰਤ ਨੂੰ ਸੌਂਪਿਆ ਗਿਆ।