ਪਾਲ ਸਿੰਘ ਨੌਲੀ
ਜਲੰਧਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਦੋਆਬੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਲੋਕਾਂ ਨੇ ਆਪੋ-ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਮੋਰਚੇ ਨੂੰ ਸਮਰਥਨ ਦਿੱਤਾ। ਮੋਰਚੇ ਦੇ ਸੱਦੇ ’ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰਿਹਾ। ਧਰਨੇ ਲਾਉਣ ਵਾਲੀਆਂ ਥਾਵਾਂ ’ਤੇ ਕਿਸਾਨ ਪਹਿਲਾਂ ਹੀ ਪਹੁੰਚ ਗਏ ਸਨ। ਜਲੰਧਰ ਦੇ ਪੀਏਪੀ ਚੌਕ ਵਿੱਚ ਨੈਸ਼ਨਲ ਹਾਈਵੇਅ ’ਤੇ ਜਾਮ ਲਾਇਆ ਗਿਆ। ਇਸੇ ਤਰ੍ਹਾਂ ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 50 ਦੇ ਕਰੀਬ ਥਾਵਾਂ ’ਤੇ ਕਿਸਾਨਾਂ ਨੇ ਸੜਕਾਂ ਉੱਤੇ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕੀਤੇ। ਧਰਨਾ ਸਥਾਨਾਂ ’ਤੇ ਕਿਸਾਨਾਂ ਨੇ ਲੰਗਰ ਤੇ ਚਾਹ-ਪਾਣੀ ਦੇ ਪੂਰੇ ਪ੍ਰਬੰਧ ਕੀਤੇ ਹੋਏ ਸੀ।
ਜਲੰਧਰ ਦੇ ਅੰਤਰਰਾਜੀ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਸੁੰਨ ਪੱਸਰੀ ਰਹੀ। ਅੱਜ ਦਿਨ ਭਰ ਨਿੱਜੀ ਬੱਸਾਂ ਦੇ ਨਾਲ-ਨਾਲ ਸਰਕਾਰੀ ਬੱਸਾਂ ਵੀ ਸੜਕਾਂ ’ਤੇ ਨਹੀਂ ਉੱਤਰੀਆਂ। ਬਾਜ਼ਾਰਾਂ ਵਿੱਚ ਕਾਰੋਬਾਰੀਆਂ ਦੇ ਛੋਟੇ-ਵੱਡੇ ਕਾਰੋਬਾਰ ਬੰਦ ਰਹੇ। ਰਾਮਾਮੰਡੀ ਨੇੜੇ ਕਿਸਾਨਾਂ ਨੇ ਰੇਲ ਗੱਡੀ ਰੋਕੀ ਰੱਖੀ। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੂੰ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ 14 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ। ਕਿਸਾਨਾਂ ਨੇ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਹਾਲਤਾਂ ਵਿੱਚ ਜਾਣ ਵਾਲਿਆਂ ਨੂੰ ਛੋਟ ਦਿੱਤੀ ਹੋਈ ਸੀ। ਪੀਏਪੀ ਚੌਕ ਵਿੱਚ ਲਾਏ ਧਰਨੇ ਦੌਰਾਨ ਫ਼ੌਜ ਦੀਆਂ ਗੱਡੀਆਂ ਦਾ ਕਾਫ਼ਲਾ ਵੀ ਫਸਿਆ ਰਿਹਾ। ਫ਼ੌਜੀ ਕਿਸਾਨਾਂ ਨੂੰ ਕਹਿੰਦੇ ਰਹੇ ਕਿ ਸਾਡਾ ਅੱਧਾ ਕਾਫ਼ਲਾ ਅੱਗੇ ਚਲਾ ਗਿਆ ਹੈ ਤੇ ਅੱਧਾ ਇੱਥੇ ਫਸ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਦਰਜਨ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਧਰਨੇ ਲਾਏ ਹੋਏ ਸਨ। ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀ ਹਮਾਇਤ ’ਚ ਆਏ ਛੋਟੇ ਦੁਕਾਨਦਾਰ, ਕਾਰੋਬਾਰੀ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਸਾਰੇ ਵਰਗਾਂ ਕਾਰਨ ਅੰਦੋਲਨ ਨੂੰ ਮਜ਼ਬੂਤੀ ਮਿਲੀ ਹੈ।
ਬੰਦ ਕਾਰਨ 27 ਰੇਲ ਗੱਡੀਆਂ ਹੋਈਆਂ ਰੱਦ
ਭਾਰਤ ਬੰਦ ਕਾਰਨ ਕਈ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਜਾਂ ਉਨ੍ਹਾਂ ਦੇ ਰੂਟ ਬਦਲਣੇ ਪਏ। ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਇਕ ਮਾਲ ਗੱਡੀ ਚਲਾ ਦਿੱਤੀ ਗਈ ਸੀ, ਜਿਸ ਨੂੰ ਕਿਸਾਨਾਂ ਨੇ ਦਕੋਹਾ ਫਾਟਕ ਨੇੜੇ ਰੋਕ ਦਿੱਤਾ। ਰੇਲ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 27 ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 13 ਪੰਜਾਬ ਤੋਂ ਬਾਹਰ ਜਾਣ ਵਾਲੀਆਂ ਸਨ ਤੇ 14 ਪੰਜਾਬ ਆਉਣ ਵਾਲੀਆਂ ਸਨ। ਇਸੇ ਤਰ੍ਹਾਂ 8 ਗੱਡੀਆਂ ਨੂੰ ਥੋੜ੍ਹੇ ਸਮੇਂ ਲਈ ਮੁਲਤਵੀ ਕਰਨਾ ਪਿਆ। ਰੇਲ ਆਵਾਜਾਈ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਵੀ ਹੋਈ।
ਸਿਹਤ ਵਿਗੜਨ ਕਾਰਨ ਰੇਲ ਮੁਸਾਫ਼ਰ ਦੀ ਮੌਤ
ਫਗਵਾੜਾ (ਜਸਬੀਰ ਸਿੰਘ ਚਾਨਾ): ਕਿਸਾਨੀ ਅੰਦੋਲਨ ਕਾਰਨ ਅੱਜ ਫਗਵਾੜਾ ਸਟੇਸ਼ਨ ’ਤੇ ਖੜ੍ਹੀ ਹਾਵੜਾ ਐਕਸਪ੍ਰੈੱਸ ’ਚ ਸਵਾਰ ਇੱਕ ਯਾਤਰੀ ਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਰੇਲਵੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਾਸੀ ਯੂਪੀ ਹਾਲ ਵਾਸੀ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਵੜਾ ਐਕਸਪ੍ਰੈੱਸ ਸਟੇਸ਼ਨ ’ਤੇ ਖੜ੍ਹੀ ਸੀ ਤਾਂ 3 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਯਾਤਰੀ ਦੀ ਸਿਹਤ ਖਰਾਬ ਹੋਈ ਹੈ। ਉਨ੍ਹਾਂ ਤੁਰੰਤ ਐਂਬੂਲੈਂਸ ਬੁਲਾ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।