ਸਤਵਿੰਦਰ ਬਸਰਾ
ਲੁਧਿਆਣਾ, 14 ਅਗਸਤ
ਸਨਅਤੀ ਸ਼ਹਿਰ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਅਤੇ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿੱਚ ਵੱਖ-ਵੱਖ ਥਾਈਂ ਲਗਪਗ 3000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਦਕਿ ਸ਼ਰਾਰਤੀ ਅਨਸਰਾਂ ’ਤੇ ਕਰੀਬ 1100 ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਤਹਿਤ ਸ਼ਹਿਰ ਨੂੰ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ ਹੈ, ਚੌਕਾਂ ਵਿੱਚ ਰੰਗ-ਬਿਰੰਗੀਆਂ ਲਾਈਟਾਂ ਲਗਾਈਆਂ ਗਈਆਂ ਹਨ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 7 ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਰਮੇਸ਼ ਕੁਮਾਰ ਮਹਿਤਾ, ਪ੍ਰਾਣ ਸੱਭਰਵਾਲ, ਹਰਗੁਣ ਕੌਰ, ਅਮਰਜੀਤ ਸਿੰਘ, ਜਗਜੀਤ ਸਿੰਘ ਦਰਦੀ, ਜੈਸਮੀਨ ਕੌਰ ਅਤੇ ਜਸਮਿੰਦਰ ਪਾਲ ਸਿੰਘ ਦੇ ਨਾਂ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਸਬੰਧੀ ਪੀਏਯੂ ਵਿੱਚ ਬਣੇ ਹੈਲੀਪੈਡ ਤੋਂ ਲੈ ਕੇ ਸਮਾਗਮ ਵਾਲੀ ਥਾਂ ਤੱਕ ਸਖਤ ਸੁਰੱਖਿਆ ਪ੍ਰਬੰਧ ਹਨ, ਜਿਨ੍ਹਾਂ ਦਾ ਜਾਇਜ਼ਾ ਏਡੀਜੀਪੀ ਪ੍ਰਮੋਦ ਬਾਨ, ਏਆਈਜੀ ਹਰਮੀਤ ਸਿੰਘ ਹੁੰਦਲ ਸਮੇਤ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਲੈ ਚੁੱਕੇ ਹਨ। ਸੁਣਨ ਵਿੱਚ ਆਇਆ ਹੈ ਕਿ ਐਤਕੀਂ ਚਾਰ ਪਰਤਾਂ ਵਿੱਚ ਸੁਰੱਖਿਆ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਲੀਸ ਦੇ ਸੀਨੀਅਰ ਅਧਿਕਾਰੀ, ਸਪੈਸ਼ਲ ਕਮਾਂਡੋ ਤਾਇਨਾਤ ਰਹਿਣਗੇ। ਆਜ਼ਾਦੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਚਾਂਦ ਸਿਨੇਮਾ ਨੇੜੇ ਮੁਹੱਲਾ ਕਲੀਨਿਕ ਦਾ ਉਦਘਾਟਨ ਵੀ ਕਰਨਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪੁੱਜ ਗਏ ਹਨ, ਜਿੱਥੋਂ ਉਹ ਭਲਕੇ ਆਜ਼ਾਦੀ ਸਮਾਗਮਾਂ ਵਿੱਚ ਹਿੱਸਾ ਲੈਣਗੇ।
ਸੁਰੱਖਿਆ ਪ੍ਰਬੰਧਾਂ ਲਈ ਸਾਰੇ ਮੁਲਾਜ਼ਮਾਂ ਦੀ ਡਿਊਟੀ ਲਗਾਈ: ਕੌਸਤੁਭ ਸ਼ਰਮਾ
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੂਬਾ ਪੱਧਰੀ ਸਮਾਗਮ ਹੋਣ ਕਰਕੇ ਸੁਰੱਖਿਆ ਪ੍ਰਬੰਧ ਹੋਰ ਵੀ ਅਹਿਮ ਹੋ ਜਾਂਦੇ ਹਨ। ਸਾਰੇ ਹੀ ਪੁਲੀਸ ਮੁਲਾਜ਼ਮ ਭਾਵੇਂ ਉਹ ਛੋਟੇ ਜਾਂ ਵੱਡੇ ਰੈਂਕ ਵਾਲਾ ਹੈ, ਦੀ ਸੁਰੱਖਿਆ ਪ੍ਰਬੰਧਾਂ ਵਿੱਚ ਡਿਊਟੀ ਲਗਾਈ ਗਈ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਦੇਸ਼ ਵਿਰੋਧੀ ਅਨਸਰ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਪ੍ਰਸਾਸ਼ਨ ਨੂੰ ਦੇਣ।