ਜਸਵੰਤ ਜੱਸ
ਫ਼ਰੀਦਕੋਟ, 10 ਸਤੰਬਰ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਸਬੰਧੀ ਜ਼ਿਲ੍ਹਾ ਪੁਲੀਸ ਫਰੀਦਕੋਟ ਦੀ ਚਿੰਤਾ ਵਧ ਗਈ ਹੈ। ਸੂਤਰਾਂ ਅਨੁਸਾਰ ਤਿੰਨ ਸ਼ੱਕੀ ਵਿਅਕਤੀ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਗਏ ਅਤੇ ਉੱਥੇ ਜਾ ਕੇ ਆਪਣੀ ਸਹੀ ਸ਼ਨਾਖਤ ਨਹੀਂ ਦੱਸੀ। ਸ਼ਕਤੀ ਸਿੰਘ ਘਰ ਵਿੱਚ ਨਾ ਹੋਣ ਕਰਕੇ ਸ਼ੱਕੀ ਵਿਅਕਤੀ ਮੌਕੇ ਤੋਂ ਖਿਸਕ ਗਏ। ਇਸ ਡੇਰਾ ਪ੍ਰੇਮੀ ਦੀ ਸੁਰੱਖਿਆ ਲਈ ਚਾਰ ਪੁਲੀਸ ਕਰਮਚਾਰੀ ਤਾਇਨਾਤ ਹਨ। ਘਟਨਾ ਤੋਂ ਬਾਅਦ ਪੁਲੀਸ ਸ਼ੱਕੀ ਵਿਅਕਤੀਆਂ ਦੀ ਪੜਤਾਲ ਕਰ ਰਹੀ ਹੈ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਅਜੇ ਤੱਕ ਮੁਲਜ਼ਮਾਂ ਅਤੇ ਵਾਹਨ ਦੇ ਨੰਬਰ ਦੀ ਸ਼ਨਾਖਤ ਨਹੀਂ ਹੋ ਸਕੀ। ਡੇਰਾ ਪ੍ਰੇਮੀਆਂ ਨੇ ਘਟਨਾ ਸਬੰਧੀ ਜ਼ਿਲ੍ਹਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲੀਸ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਡੇਰਾ ਪ੍ਰੇਮੀਆਂ ਨੇ ਇਸ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਜਨਤਕ ਕੀਤੀ ਹੈ। ਸੂਤਰਾਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ 9 ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਲਈ 27 ਪੁਲੀਸ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ ਅਤੇ ਉਡਣ ਦਸਤੇ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਚੁੱਕੀ ਹੈ, ਜਦਕਿ ਗੁਰਦੇਵ ਲਾਲ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਲਈ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।