ਜਸਵੰਤ ਜੱਸ
ਫ਼ਰੀਦਕੋਟ, 27 ਅਕਤੂਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪਿੰਡ ਵਿੱਚ ਲਾਏ ਗਏ ਇਤਰਾਜ਼ਯੋਗ ਪੋਸਟਰਾਂ ਦੀ ਲਿਖਾਈ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਨਾਲ ਮੇਲ ਖਾ ਗਈ ਹੈ। ਫੋਰੈਂਸਿਕ ਲੈਬਾਰਟਰੀ ਵੱਲੋਂ ਸੀਲਬੰਦ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਰਿਪੋਰਟ ਜਨਤਕ ਹੋਣ ਨਾਲ ਸੀਬੀਆਈ ਦਾ ਉਹ ਦਾਅਵਾ ਰੱਦ ਹੋ ਗਿਆ ਹੈ ਜਿਸ ਵਿੱਚ ਸੀਬੀਆਈ ਨੇ ਕਿਹਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪ੍ਰੇਮੀਆਂ ਵੱਲੋਂ ਨਹੀਂ ਲਿਖੇ ਗਏ ਸਨ। ਹਾਲਾਂਕਿ ਜਾਂਚ ਟੀਮ ਦਾਅਵਾ ਕਰ ਰਹੀ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪ੍ਰੇਮੀਆਂ ਵੱਲੋਂ ਹੀ ਲਿਖੇ ਗਏ ਹਨ ਅਤੇ ਇਸ ਸਬੰਧੀ ਉਨ੍ਹਾਂ ਉਹ ਗਵਾਹ ਵੀ ਲੱਭ ਲਏ ਹਨ ਜਿਨ੍ਹਾਂ ਪਾਸੋਂ ਪੋਸਟਰ ਅਤੇ ਸਕੈੱਚ ਪੈਨ ਖਰੀਦੇ ਗਏ ਸਨ। ਫੋਰੈਂਸਿਕ ਲੈਬਾਰਟਰੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੇ ਪੋਸਟਰ ਜਾਂਚ ਟੀਮ ਨੇ ਬਰਾਮਦ ਕੀਤੇ ਸਨ, ਉਨ੍ਹਾਂ ਦੀ ਲਿਖਾਈ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਨਾਲ ਮੇਲ ਖਾਂਦੀ ਹੈ। ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ ਛੇ ਡੇਰਾ ਪ੍ਰੇਮੀਆਂ ਖਿਲਾਫ਼ ਚਲਾਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਹੋ ਚੁੱਕਿਆ ਹੈ। ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਨੇ ਫੋਰੈਂਸਿਕ ਲੈਬਾਰਟਰੀ ਦੀ ਰਿਪੋਰਟ ਦੀ ਕਾਪੀ ਡੇਰਾ ਪ੍ਰੇਮੀਆਂ ਨੂੰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਅਗਲੀ ਸੁਣਵਾਈ 12 ਨਵੰਬਰ ਨੂੰ ਕੀਤੀ ਜਾਵੇਗੀ।