ਸੰਜੀਵ ਬੱਬੀ
ਚਮਕੌਰ ਸਾਹਿਬ, 17 ਫਰਵਰੀ
ਨਗਰ ਪੰਚਾਇਤ ਚਮਕੌਰ ਸਾਹਿਬ ਦੀ ਕੌਂਸਲ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਅਮਨਦੀਪ ਸਿੰਘ ਮਾਂਗਟ ਧੜੇ ਦੇ 3 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੀ। ਕਾਂਗਰਸ ਦੇ ਜੇਤੂ ਉਮੀਦਵਾਰ ਹਲਕੇ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਵਾਰਡ 1 ਤੋਂ ਕਾਂਗਰਸੀ ਹਰਜੀਤ ਕੌਰ, ਵਾਰਡ 2 ਤੋਂ ਕਾਂਗਰਸੀ ਇੰਦਰਪਾਲ ਸਿੰਘ, ਵਾਰਡ 3 ਤੋਂ ਕਾਂਗਰਸੀ ਜਸਦੀਪ ਕੌਰ ਜੇਤੂ ਰਹੇ। ਵਾਰਡ 4 ਤੋਂ ਅਮਨਦੀਪ ਸਿੰਘ ਮਾਂਗਟ ਧੜੇ ਦੇ ਕਿਰਪਾਲ ਸਿੰਘ ਗਿੱਲ, ਜਦੋਂ ਕਿ ਵਾਰਡ 5 ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਕੁਮਾਰੀ ਜੇਤੂ ਰਹੀ। ਵਾਰਡ 6 ਤੋਂ ਮਾਂਗਟ ਧੜੇ ਦੇ ਭੁਪਿੰਦਰ ਸਿੰਘ ਭੂਰਾ, ਵਾਰਡ 7 ਤੋਂ ਕਾਂਗਰਸੀ ਕਮਲੇਸ਼ ਰਾਣੀ, ਵਾਰਡ 8 ਤੋਂ ਆਜ਼ਾਦ ਉਮੀਦਵਾਰ ਸੁਖਵੀਰ ਸਿੰਘ, ਵਾਰਡ 9 ਤੋਂ ਕਾਂਗਰਸੀ ਹਰਜੀਤ ਕੌਰ, ਵਾਰਡ 10 ਤੋਂ ਕਾਂਗਰਸੀ ਗੁਰਮੀਤ ਸਿੰਘ, ਵਾਰਡ 11 ਤੋਂ ਕਾਂਗਰਸੀ ਪਰਮਜੀਤ ਕੌਰ ਅਤੇ ਵਾਰਡ 12 ਤੋਂ ਕਾਂਗਰਸੀ ਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਜੇਤੂ ਰਹੇ, ਜਦੋਂ ਕਿ ਵਾਰਡ 13 ਤੋਂ ਮਾਂਗਟ ਧੜੇ ਦੇ ਉਮੀਦਵਾਰ ਜਸਵਿੰਦਰ ਸਿੰਘ ਜੇਤੂ ਰਹੇ। ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਇਸ ਵਾਰ ਸ਼ਹਿਰ ਦੀਆਂ 3 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ, ਜਿਸ ਤੇ ਹੁਣੇ ਤੋਂ ਕਿਆਸ ਅਰਾਈਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਹੁਣ ਮੁੜ ਤੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜ਼ ਸ੍ਰੀ ਸ਼ੇਰਾ ਦੇ ਸਿਰ ’ਤੇ ਸਜੇਗਾ।