ਚਰਨਜੀਤ ਭੁੱਲਰ
ਚੰਡੀਗੜ੍ਹ, 18 ਸਤੰਬਰ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਨਵੇਂ ਖੇਤੀ ਕਾਨੂੰਨਾਂ ਪਾਸ ਹੋਣ ਮਗਰੋਂ ਅੰਦਰੋਂ-ਅੰਦਰੀ ਕੁੜੱਤਣ ਪੈਦਾ ਹੋ ਗਈ ਹੈ। ਪੰਜਾਬ ਵਿਚ ਇਨ੍ਹਾਂ ਦੋਵਾਂ ਧਿਰਾਂ ਦੇ ਆਗੂ ਸਿਆਸੀ ਹੱਲੇ ਦੀ ਪਹਿਲ ਕਰਨ ਤੋਂ ਗੁਰੇਜ਼ ਕਰਨ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਖੇਤੀ ਕਾਨੂੰਨ ਬਣਨ ਮਗਰੋਂ ਮੀਡੀਆ ਕੋਲ ਅਕਾਲੀ-ਭਾਜਪਾ ਰਿਸ਼ਤੇ ਦੇ ਭਵਿੱਖ ਬਾਰੇ ਸੰਕੇਤ ਤਾਂ ਦੇ ਚੁੱਕੇ ਹਨ ਪਰ ਖੁੱਲ੍ਹੇ ਤੌਰ ’ਤੇ ਕੋਈ ਆਗੂੂ ਨਹੀਂ ਬੋਲ ਰਿਹਾ ਹੈ।
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਐਨ.ਡੀ.ਏ. ਦਾ ਹਿੱਸਾ ਹੈ ਅਤੇ ਸਿਆਸੀ ਫ਼ੈਸਲਾ ਲੈਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਧਿਕਾਰ ਹੈ। ਉਨ੍ਹਾਂ ਭਾਜਪਾ ਵੱਲੋਂ ਸਾਰੀਆਂ ਸੀਟਾਂ ਤੋਂ ਅਗਲੀ ਵਿਧਾਨ ਸਭਾ ਚੋਣ ਲੜਨ ਦੀ ਗੱਲ ’ਤੇ ਪ੍ਰਤੀਕਰਮ ਵਜੋਂ ਆਖਿਆ ਕਿ ਸੀਟਾਂ ਦੀ ਮੰਗ ਕਰਨਾ ਹਰ ਸਿਆਸੀ ਧਿਰ ਦਾ ਅਧਿਕਾਰ ਹੁੰਦਾ ਹੈ ਅਤੇ ਹਰ ਸਿਆਸੀ ਧਿਰ ਆਪਣਾ ਅਧਾਰ ਬਣਾਉਣਾ ਚਾਹੁੰਦੀ ਹੈ। ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਕਾਇਮ ਰਹੇਗਾ ਜਾਂ ਨਹੀਂ, ਇਸ ’ਤੇ ਕੋਈ ਟਿੱਪਣੀ ਤੋਂ ਆਗੂ ਪਾਸਾ ਵੱਟ ਰਹੇ ਹਨ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਣਸਾਂ ਦੀ ਸਰਕਾਰੀ ਖ਼ਰੀਦ ਜਾਰੀ ਰਹੇਗੀ ਅਤੇ ਕਿਸਾਨਾਂ ਦੇ ਮਾਲਕਾਨਾ ਹੱਕ ਕਾਇਮ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਜੋ ਸ਼ੰਕੇ ਸਨ, ਉਹ ਸਮੇਂ-ਸਮੇਂ ’ਤੇ ਦੂਰ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਪੈਰਾਂ ਦੀਆਂ ਬੇੜੀਆਂ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਫ਼ਸਲ ਆ ਜਾਣੀ ਹੈ ਅਤੇ ਕਿਸਾਨਾਂ ਵਿਚ ਸਰਕਾਰੀ ਖ਼ਰੀਦ ਬਾਰੇ ਪਾਇਆ ਜਾ ਰਿਹਾ ਭਰਮ-ਭੁਲੇਖਾ ਵੀ ਦੂਰ ਹੋ ਜਾਵੇਗਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਹਾਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਜਿਉਂ ਹੀ ਸੈਸ਼ਨ ਖਤਮ ਹੋਵੇਗਾ, ਉਸ ਮਗਰੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਵਿਚ ਅਗਲਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 21 ਸਤੰਬਰ ਮਗਰੋਂ ਪਾਰਟੀ ਕਿਸਾਨਾਂ ਦੇ ਮਸਲਿਆਂ ’ਤੇ ਆਪਣਾ ਅਗਲਾ ਪ੍ਰੋਗਰਾਮ ਦੱਸੇਗੀ।