ਦਵਿੰਦਰ ਪਾਲ
ਚੰਡੀਗੜ੍ਹ, 20 ਅਗਸਤ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਆਮ ਅਪਰੇਸ਼ਨਾਂ ’ਤੇ ਲੱਗੀ ਪਾਬੰਦੀ ’ਚ ਵਾਧਾ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ਰਾਹੀਂ ਨਿਰਦੇਸ਼ ਦਿੱਤੇ ਹਨ ਕਿ ਅਗਲੇ 15 ਦਿਨਾਂ ਲਈ ਕਿਸੇ ਵੀ ਮਰੀਜ਼ ਦਾ ਸਾਧਾਰਨ ਅਪਰੇਸ਼ਨ ਨਾ ਕੀਤਾ ਜਾਵੇ। ਸਿਹਤ ਵਿਭਾਗ ਵੱਲੋਂ ਇਸ ਤੋਂ ਪਹਿਲਾਂ 15 ਦਿਨਾਂ ਦੀ ਪਾਬੰਦੀ ਲਗਾਈ ਗਈ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਤਰਾਂ ਅਨੁਸਾਰ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਵੱਡੇ ਹਸਪਤਾਲਾਂ ਨੂੰ ਵੀ ਕਿਹਾ ਗਿਆ ਹੈ ਕਿ ਸਾਧਾਰਨ ਅਪਰੇਸ਼ਨਾਂ ਦਾ ਕੰਮ ਮੁਲਤਵੀ ਕੀਤਾ ਜਾਵੇ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਅਪਰੇਸ਼ਨਾਂ ’ਤੇ ਪਾਬੰਦੀ ਲਾਉਣ ਲਈ ਕਰਨੋਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਵਧਦੀ ਗਿਣਤੀ ਦੀ ਦਲੀਲ ਦਿੱਤੀ ਹੈ ਪਰ ਅਪਰੇਸ਼ਨਾਂ ਦੇ ਮਾਹਿਰ ਡਾਕਟਰ (ਜਨਰਲ ਸਰਜਨ) ਅਤੇ ਅਪਰੇਸ਼ਨ ਥੀਏਟਰਾਂ ’ਚ ਤਾਇਨਾਤ ਅਮਲੇ ਨੂੰ ਕੋਵਿਡ ਮਰੀਜ਼ਾਂ ਦੀ ਦੇਖ ਭਾਲ ਲਈ ਤਾਇਨਾਤ ਨਹੀਂ ਕੀਤਾ ਗਿਆ। ਪੰਜਾਬ ਦੇ ਕਈ ਹਸਪਤਾਲਾਂ ਤੋਂ ਟੈਲੀਫੋਨ ਰਾਹੀਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਅੱਖਾਂ, ਨੱਕ, ਕੰਨ, ਪੇਟ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਇਲਾਜ ਲਈ ਪਹੁੰਚ ਤਾਂ ਕਰ ਰਹੇ ਹਨ ਪਰ ਸਰਕਾਰ ਦੇ ਨਿਰਦੇਸ਼ਾਂ ਕਾਰਨ ਅਪਰੇਸ਼ਨ ਕਰਨ ਦਾ ਕੰਮ ਮੁਲਤਵੀ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ ਸਿਰਫ਼ ਹੰਗਾਮੀ ਹਾਲਤ, ਹਾਦਸੇ ਜਾਂ ਜਣੇਪੇ ਸਮੇਂ ਲੋੜ ਮੁਤਾਬਕ ਹੀ ਅਪਰੇਸ਼ਨ ਕੀਤੇ ਜਾਣ। ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਇਕ ਮਹੀਨੇ ਦੌਰਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।