ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਈ
ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਗਵਤ ਕਰਾਦ ਨੇ ਪੰਜਾਬ ਦੇ ਬੈਂਕਾਂ ਨੂੰ ਆਖਿਆ ਹੈ ਕਿ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਕਰਜ਼ਾ ਸਹੂਲਤਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਕੋਲ ਪੈਸਾ ਜਾਵੇਗਾ ਅਤੇ ਲੋਕ ਪੈਰਾਂ ਸਿਰ ਖੜ੍ਹੇ ਹੋ ਸਕਣਗੇ। ਇਸ ਨਾਲ ਬੈਂਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਅੱਜ ਇੱਥੇ ਸੂਬੇ ਦੇ ਸਮੁੱਚੇ ਬੈਂਕਾਂ ਦੀ 160ਵੀਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 300 ਖਪਤਕਾਰਾਂ ਨੂੰ ਲਗਪਗ 4 ਕਰੋੜ ਰੁਪਏ ਦੇ ਮਨਜ਼ੂਰ ਹੋਏ ਕਰਜ਼ੇ ਦੇ ਕਾਗਜ਼ ਵੰਡੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਬੈਂਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਬੈਂਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਕਰਜ਼ਾ ਸਹੂਲਤਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਪ੍ਰਧਾਨ ਮੰਤਰੀ ਜਨ-ਧਨ ਖਾਤੇ, ਕਿਸਾਨ ਕਰੈਡਿਟ ਕਾਰਡ ਅਤੇ ਰੁਪਏ ਕਾਰਡ ਵਿੱਚ ਹੋਰ ਵਾਧਾ ਕਰਨ, ਜਿਸ ਨਾਲ ਲੋਕ ਵਿੱਤੀ ਤੌਰ ਉੱਤੇ ਮਜ਼ਬੂਤ ਹੋਣਗੇ। ਆਨਲਾਈਨ ਠੱਗੀਆਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨਾਬਾਰਡ ਨਾਲ ਮਿਲ ਕੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਇਕ-ਇਕ ਵਿੱਤੀ ਜਾਗਰੂਕਤਾ ਵੈਨ ਭੇਜੇਗੀ। ਇਸ ਮੌਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਨੂੰ ਮੁਨਾਫੇ ਦਾ ਧੰਦਾ ਬਣਾਉਣ ਦੀ ਲੋੜ ਹੈ। ਬੈਂਕ, ਕਿਸਾਨ ਗਰੁੱਪਾਂ ਨੂੰ ਕਰਜ਼ਾ ਦੇ ਕੇ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।