ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨਾਲ ਅੱਜ ਇੱਥੇ 20 ਏਕੜ ਰਕਬੇ ਵਿਚ 230 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਸੂਬੇ ਲਈ ਇਤਿਹਾਸਕ ਦਿਨ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸੂਬੇ ’ਚੋਂ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਵਰਬਾਇਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬਾਇਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਭਾਰਤ ਦਾ ਸਭ ਤੋਂ ਵੱਡਾ ਬਾਇਓਫਿਊਲ (ਬਾਇਓਮੀਥੇਨ/ਬਾਇਓ-ਸੀਐੱਨਜੀ) ਉਤਪਾਦਨ ਯੂਨਿਟ ਸਥਾਪਤ ਕੀਤਾ ਹੈ, ਜੋ ਬਾਇਓ-ਸੀਐੱਨਜੀ ਦੀ 33 ਟੀਪੀਡੀ (ਟਨ ਪ੍ਰਤੀ ਦਿਨ) ਅਤੇ 550 ਟੀਪੀਡੀ (ਪ੍ਰਤੀ ਸਾਲ) ਦੀ ਸਮਰੱਥਾ ਵਾਲਾ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ 80,000 ਕਿਊਬਿਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਪ੍ਰਾਜੈਕਟ ਬਾਇਓਗੈਸ ਪੈਦਾ ਕਰੇਗਾ, ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਯੂਨਿਟ ਵਿਚ ਸਾਲਾਨਾ 1.30 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੂਨਿਟ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ 1.50 ਲੱਖ ਮੀਟਰਿਕ ਟਨ ਦੂਸ਼ਿਤ ਤੱਤ ਅਤੇ 20,000 ਮੀਟਰਿਕ ਟਨ ਫਲਾਈ ਐਸ਼ ਦੀ ਸਾਲਾਨਾ ਕਮੀ ਲਿਆਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਯੂਨਿਟ 1000 ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਵੇਗਾ ਅਤੇ 5000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵਰਬਾਇਓ ਗਰੁੱਪ ਨੇ ਸੂਬੇ ਵਿੱਚ ਅਜਿਹੇ ਹੋਰ ਪਲਾਂਟ ਸਥਾਪਤ ਕਰਨ ਵਿਚ ਵੀ ਗਹਿਰੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰਾਜੈਕਟ ਸਫ਼ਲ ਹੋ ਜਾਂਦਾ ਹੈ ਤਾਂ ਵਰਬਾਇਓ ਗਰੁੱਪ ਵੱਲੋਂ ਸੂਬੇ ਵਿਚ ਅਜਿਹੇ 10 ਹੋਰ ਪਲਾਂਟ ਸਥਾਪਤ ਕੀਤੇ ਜਾਣਗੇ।
ਇਸ ਮੌਕੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਹਰ ਰੋਜ਼ 6 ਕਰੋੜ ਭਾਰਤੀ ਪੰਪਾਂ ਤੋਂ ਤੇਲ ਲੈਣ ਆਉਂਦੇ ਹਨ ਅਤੇ ਭਾਰਤ ’ਚ ਬਾਇਓ ਗੈਸ ਦੇ 13 ਪਲਾਂਟ ਹਨ ਪਰ ਲਹਿਰਾਗਾਗਾ ਵਾਲਾ ਦੇਸ਼ ’ਚ ਸਭ ਤੋਂ ਵੱਡਾ ਪਲਾਂਟ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ, ਵਿਧਾਇਕ ਬਰਿੰਦਰ ਗੋਇਲ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਆਦਿ ਹਾਜ਼ਰ ਸਨ।
ਇਸੇ ਦੌਰਾਨ ਜੀਓਜੀ ਵਰਕਰਾਂ ਨੇ ਭਾਰੀ ਗਿਣਤੀ ’ਚ ਵਰਬਾਇਓ ਗੈਸ ਪਲਾਂਟ ਕੰਪਨੀ ਖੰਡੇਬਾਦ-ਕਾਲਬੰਜਾਰਾ-ਭੁਟਾਲ ਦੇ ਗੇਟ ਅੱਗੇ ਕਾਲੇ ਰੀਬਨ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਜੀਓਜੀ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ।
ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਏ
ਪਿੰਡ ਖੰਡੇਬਾਦ ਵਿੱਚ ਵਰਬਾਇਓ ਫੈਕਟਰੀ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਵੱਲੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਨਾਲ ਤੈਅਸ਼ੁਦਾ ਮੀਟਿੰਗ ਰੱਦ ਕਰਨ ਵਿਰੁੱਧ ਅੱਜ ਮਜ਼ਦੂਰਾਂ ਨੇ ਖੰਡੇਬਾਦ-ਕਾਲਬੰਜਾਰਾ ਰੋਡ ’ਤੇ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ’ਚ ਆਏ ਮਜ਼ਦੂਰਾਂ ਨੇ ਉਦਘਾਟਨ ਵਾਲੀ ਥਾਂ ’ਤੇ ਧਰਨਾ ਵੀ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ ਅਤੇ ਪਰਮਜੀਤ ਕੌਰ ਲੌਂਗੋਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂ ਪ੍ਰਗਟ ਸਿੰਘ ਕਾਲਾਝਾੜ, ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ, ਮਜ਼ਦੂਰ ਮੁਕਤੀ ਮੋਰਚਾ ਦੇ ਬਿੱਟੂ ਸਿੰਘ ਖੋਖਰ, ਪੇਂਡੂ ਮਜ਼ਦੂਰ ਯੂਨੀਅਨ ਦੇ ਮੰਗਾ ਸਿੰਘ ਵੈਰੋਕੇ ਆਦਿ ਨੇ ਦੱਸਿਆ ਕਿ ਪਿਛਲੀਆਂ ਅਕਾਲੀ-ਕਾਂਗਰਸੀ ਸਰਕਾਰਾਂ ਵਾਂਗ ‘ਆਪ’ ਸਰਕਾਰ ਵੀ ਪੇਂਡੂ ਤੇ ਖੇਤ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ।
ਭਗਵੰਤ ਮਾਨ ਵੱਲੋਂ ਭਾਰਤੀ ਸਫ਼ਾਰਤਖਾਨਿਆਂ ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਸਫਾਰਤਖਾਨਿਆਂ ਦੇ ਮੁਖੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਦੇ ਮੁਖੀਆਂ ਦੇ ਵਫਦ ਨੇ ਅੱਜ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐੱਸਟੀਪੀਆਈ) ਮੁਹਾਲੀ ਵਿੱਚ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਦਾ ਦੌਰਾ ਕੀਤਾ। ਇਸ ਵਫ਼ਦ ਵਿੱਚ ਅਮਰੀਕਾ ਵਿੱਚ ਭਾਰਤ ਦੇ ਸਫੀਰ ਤਰਨਜੀਤ ਸਿੰਘ ਸੰਧੂ, ਨੀਦਰਲੈਂਡ ਵਿੱਚ ਸਫੀਰ ਰੀਨਤ ਸੰਧੂ, ਰੂਸ ਵਿੱਚ ਸਫੀਰ ਪਵਨ ਕਪੂਰ, ਤੁਰਕੀ ਵਿੱਚ ਭਾਰਤ ਦੇ ਰਾਜਦੂਤ ਡਾ. ਵਰਿੰਦਰ ਕੁਮਾਰ ਪਾਲ, ਮੰਗੋਲੀਆ ਵਿੱਚ ਮਹਿੰਦਰ ਪ੍ਰਤਾਪ ਸਿੰਘ ਅਤੇ ਟੋਗੋ ਵਿੱਚ ਸੰਜੀਵ ਟੰਡਨ ਸ਼ਾਮਲ ਸਨ। ਸੀਈਓ ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਨੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ, ਸੜਕ, ਰੇਲਵੇ ਅਤੇ ਹਵਾਈ ਸੰਪਰਕ ਦੇ ਮਾਮਲੇ ਵਿੱਚ ਪੰਜਾਬ ਦੀ ਕੁਨੈਕਟੀਵਿਟੀ ਆਦਿ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਵੱਖ-ਵੱਖ ਮੁਲਕਾਂ ਦੇ ਸਫੀਰਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ।