ਬਹਾਦਰਜੀਤ ਸਿੰਘ
ਰੂਪਨਗਰ, 14 ਜੁਲਾਈ
ਸਿਵਲ ਹਸਪਤਾਲ ਰੂਪਨਗਰ ਵਿੱਚ 500 ਐੱਲਪੀਐੱਲ ਸਮਰੱਥਾ ਵਾਲੇ ਪੀਐੱਸਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ। ਇਹ ਪਲਾਂਟ ਏਸੀਟੀ ਗਰੁੱਪ ਬੰਗਲੁਰੂ ਤੇ ਲਾਭ ਗਰੁੱਪ ਵੈਂਡਰਜ਼ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਿਟੀ ਤਹਿਤ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਕਲਾਸ ਗਰੁੱਪ ਵੱਲੋਂ ਦਾਨ ਕੀਤੇ ਗਏ 250 ਕੇਵੀਏ ਸਮਰੱਥਾ ਵਾਲੇ ਜਨਰੇਟਰ ਸੈੱਟ ਤੇ ਪੈਨਲਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 5 ਆਕਸੀਜਨ ਪਲਾਂਟ ਆਉਂਦੇ ਇੱਕ ਮਹੀਨੇ ਅੰਦਰ ਸਥਾਪਤ ਕਰ ਦਿੱਤੇ ਜਾਣਗੇ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸਪੀ (ਸਥਾਨਕ) ਅੰਕੁਰ ਗੁਪਤਾ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਤੇ ਹੋਰ ਪਤਵੰਤੇ ਮੌਜੂਦ ਸਨ।
ਹੜਤਾਲੀ ਡਾਕਟਰਾਂ ਵੱਲੋਂ ਮੁਜ਼ਾਹਰਾ
ਆਕਸੀਜਨ ਪਲਾਂਟ ਦੇ ਉਦਘਾਟਨ ਮੌਕੇ ਹੜਤਾਲੀ ਡਾਕਟਰਾਂ ਨੇ ਹੱਥਾਂ ਵਿੱਚ ਪੋਸਟਰ ਫੜ ਕੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਮਨੀਸ਼ ਤਿਵਾੜੀ ਅਤੇ ਰਾਣਾ ਕੇ.ਪੀ. ਸਿੰਘ ਨੂੰ ਮੰਗ ਪੱਤਰ ਦਿੱਤਾ ਜਿਨ੍ਹਾਂ ਭਰੋਸਾ ਦਿਵਾਇਆ ਕਿ ਉਹ ਡਾਕਟਰਾਂ ਦਾ ਮਸਲਾ ਹੱਲ ਕਰਵਾਉਣ ਲਈ ਕੋਸ਼ਿਸ਼ ਕਰਨਗੇ।