ਰਾਕੇਸ਼ ਸੈਣੀ
ਨੰਗਲ, 12 ਨਵੰਬਰ
ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ-10 ਵਿਚ 34.40 ਲੱਖ ਦੀ ਲਾਗਤ ਨਾਲ ਤਿਆਰ ਹੋਏ ਭਗਵਾਨ ਪਰਸ਼ੂਰਾਮ ਭਵਨ ਅਤੇ 1.10 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਜਿਮਖਾਨੇ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਨੰਗਲ ਕਨੂੰ ਗਰਗ, ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ, ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਕਾਰਜਸਾਧਕ ਅਧਿਕਾਰੀ ਨਗਰ ਕੌਂਸਲ ਨੰਗਲ ਮਨਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਲਕੇ ਵਿਚ ਲਗਭਗ 500 ਕਰੋੜ ਦੇ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਐੱਲਡੀ ਲਾਈਟਾਂ ਲਗਾ ਕੇ ਇਲਾਕੇ ਨੂੰ ਸੁੰਦਰ ਦਿੱਖ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ’ਚ ਉਨ੍ਹਾਂ ਹੀ ਉਮੀਦਵਾਰਾਂ ਨੂੰ ਚੁਣ ਕੇ ਭੇਜਣ ਜੋ ਇਲਾਕੇ ਨੂੰ ਪਿਆਰ ਕਰਦੇ ਹੋਣ ਤੇ ਸ਼ਹਿਰ ਦੇ ਵਿਕਾਸ ਲਈ ਤਤਪਰ ਹੋਣ। ਇਸ ਮੌਕੇ ਜਨਰਲ ਸਕੱਤਰ ਉਮਾਂ ਕਾਂਤ ਸ਼ਰਮਾ, ਡਾ. ਰਵਿੰਦਰ ਦਿਵਾਨ, ਅਸ਼ੋਕ ਸੈਣੀ, ਰਾਜੀ ਖੰਨਾ, ਸੁਰਿੰਦਰ ਪੰਮਾ, ਸਮਾਜ ਸੇਵਕ ਰਾਕੇਸ਼ ਨਈਅਰ, ਦੀਪਕ ਨੰਦਾ, ਅਸ਼ੋਕ ਸੈਣੀ, ਵਿਜੈ ਕੌਸ਼ਲ, ਪ੍ਰਤਾਪ ਸੈਣੀ, ਨਰੇਸ਼ ਅਰੋੜਾ, ਆਲਮ ਖਾਨ, ਸੁਨੀਤਾ ਜੈਨ ਆਦਿ ਹਾਜ਼ਰ ਸਨ।
ਹਰਿਆਣਾ ਦੇ ਸਪੀਕਰ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲਾ ਦੀ ਰਾਜੀਵ ਕਲੋਨੀ ’ਚ ਮੁੜ ਵਸੇਬਾ ਯੋਜਨਾ ਵਿੱਚ ਦੇਰੀ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਹੈ। ਪੰਚਕੂਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਧਾਨ ਸਭਾ ਸਕੱਤਰੇਤ ਵਿੱਚ ਬੁਲਾਈ ਗਈ ਐੱਚਐੱਸਵੀਪੀ ਅਧਿਕਾਰੀਆਂ ਦੀ ਇੱਕ ਮੀਟਿੰਗ ਵਿੱਚ ਸ਼ਹਿਰ ਵਿੱਚ ਚੱਲ ਰਹੇ 15 ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਸੈਕਟਰ 20-21 ਤੋਂ 24-26 ਨੂੰ ਜੋੜਨ ਵਾਲੇ ਚੰਡੀਗੜ੍ਹ ਹਵਾਈ ਅੱਡੇ ਲਈ ਪ੍ਰਸਤਾਵਿਤ ਸੜਕ ਅਤੇ ਘੱਗਰ ਨਦੀ ’ਤੇ ਬਣਨ ਵਾਲੇ ਐੱਚਐੱਲ ਬ੍ਰਿਜ ਬਾਰੇ ਵੀ ਵਿਸਥਾਰ ਵਿੱਚ ਵਿਚਾਰ ਕੀਤਾ ਗਿਆ।