ਪੱਤਰ ਪ੍ਰੇਰਕ
ਨਵਾਂਸ਼ਹਿਰ, 17 ਅਗਸਤ
ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਿੰਡ ਰਸੂਲਪੁਰ ਵੱਲੋਂ ਅੱਜ ਪਿੰਡ ਰਸੂਲਪੁਰ ਵਿੱਚ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਕੰਪਿਊਟਰ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮੈਂਬਰ ਪੰਚਾਇਤ ਨਿਰੰਜਣ ਕੌਰ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ।
ਕੰਪਿਊਟਰ ਸੈਂਟਰ ਦੀ ਇੰਚਾਰਜ ਨੀਲਮ ਨਾਰ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਕਰਨ ਲਈ ਫਾਊਂਡੇਸ਼ਨ ਵੱਲੋਂ ਇਹ ਦੂਸਰਾ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਪਿਛਲੇ ਸਮੇਂ ਤੋਂ ਲੜਕੀਆਂ ਨੂੰ ਮੁਫ਼ਤ ਸਿਲਾਈ, ਕਟਾਈ ਅਤੇ ਕਢਾਈ ਦੀ ਸਿਖਲਾਈ ਦੇ ਰਹੀ ਹੈ, ਪਰ ਹੁਣ ਇਲਾਕੇ ਦੀਆਂ ਲੜਕੀਆਂ ਕੰਪਿਊਟਰ ਸਿੱਖਿਆ ਤੋਂ ਵੀ ਵਾਝੀਆਂ ਨਹੀਂ ਰਹਿਣਗੀਆਂ। ਉਨ੍ਹਾਂ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਵੱਧ ਕੇ ਕੰਪਿਊਟਰ ਦੀ ਸਿਖਲਾਈ ਲੈਣ ਤੇ ਇਸ ਦਿਸ਼ਾ ਵਿੱਚ ਅੱਗੇ ਵੱਧ ਕੇ ਆਤਮ ਨਿਰਭਰ ਬਣਨ।
ਇਸ ਮਗਰੋਂ ਨਿਰੰਜਣ ਕੌਰ ਨੇ ਫਾਊਂਡੇਸ਼ਨ ਦੇ ਸੰਚਾਲਕ ਐੱਨਆਰਆਈ ਅਜੀਤ ਸਿਘ, ਜਸਵੀਰ ਸਿੰਘ ਤੇ ਅਮਰੀਕ ਸਿੰਘ ਯੂਕੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਉਪਰਾਲੇ ਸਾਡੇ ਲਈ ਇਕ ਸੇਧ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਗਾਂਹਵਧੂ ਸੋਚ ਨਾਲ ਹੋਰ ਹੰਭਲਾ ਮਾਰਨ ਲਈ ਪ੍ਰੇਰਿਆ। ਇਸ ਮੌਕੇ ਨਿਰੰਜਣ ਕੌਰ ਨੇ ਸਿੱਖਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਸਿਲਾਈ ਸੈਂਟਰ ਦੀ ਇੰਚਾਰਜ ਜਸਵੀਰ ਕੌਰ, ਸਰਪੰਚ ਕਸ਼ਮੀਰ ਕੌਰ, ਪੰਚ ਸਤਨਾਮ ਸਿੰਘ, ਦਲਜੀਤ ਸਿੰਘ, ਨਿੰਦਰ ਕੌਰ, ਭੁਪਿੰਦਰ ਨਰ, ਪੰਚ ਮੈਡਮ ਪਿੰਕੀ, ਸਾਬਕਾ ਸਰਪੰਚ ਬਲਵੀਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।