ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਗਸਤ
ਕਸਬਾ ਅਜੀਤਵਾਲ ਅਧੀਨ ਪਿੰਡ ਡਾਲਾ ਤੋਂ ਮਹਿਣਾ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਕਰੀਬ 6 ਕਿਲੋਮੀਟਰ ਸੜਕ ਦੇ ਉਦਘਾਟਨ ਸਮੇਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ। ਇੱਕ ਸੜਕ ਦਾ ਇੱਕੋ ਵੇਲੇ ਹਾਕਮ ਧਿਰ ਵਿਧਾਇਕ ਤੇ ਸਾਬਕਾ ਵਿਧਾਇਕਾ ਵੱਲੋਂ ਉਦਘਾਟਨ ਕੀਤਾ ਗਿਆ।
ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਪਿੰਡ ਮਹਿਣਾ ਵਿਖੇ ਉਦਘਾਟਨ ਕੀਤਾ ਗਿਆ ਪਰ ਉਨ੍ਹਾਂ ਦਾ ਵਿਰੋਧ ਨਹੀਂ ਹੋਇਆ। ਪਿੰਡ ਡਾਲਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਪਿੰਡ ਹੈ ਹੋਣ ਕਰਕੇ ਹਾਕਮ ਧਿਰ ਦੀ ਹਲਕਾ ਇੰਚਾਰਜ ਸਾਬਕਾ ਅਕਾਲੀ ਵਿਧਾਇਕਾ ਦਾ ਰਾਜਵਿੰਦਰ ਕੌਰ ਭਾਗੀਕੇ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਪਿੰਡਾਂ ਵਿਚ ਪਹੁੰਚਣ ’ਤੇ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਰਬਿਨ ਕੱਟਣ ’ਤੇ ਤਾੜੀਆਂ ਦੀ ਥਾਂ ਹੋਈ ਮੁਰਦਾਬਾਦ ਦੇ ਨਾਅਰੇ ਗੂੰਜੇ। ਥਾਣਾ ਮਹਿਣਾ ਮੁਖੀ ਗੁਰਜਿੰਦਰਪਾਲ ਸਿੰਘ ਸੇਖੋਂ ਦੀ ਅਗਵਾਈ ਹੇਠ ਮੌਕੇ ਉੱਤੇ ਪੁੱਜੀ ਪੁਲੀਸ ਨੇ ਕਿਸਾਨਾ ਨੂੰ ਅੱਗੇ ਨਾ ਵਧਣ ਦਿੱਤਾ। ਪਿੰਡ ਡਾਲਾ ਵਿਖੇ ਬੀਬੀ ਭਾਗੀਕੇ ਰਬਿਨ ਕੱਟਣ ਲੱਗੀ ਸੀ ਕਿ ਇਸ ਦੌਰਾਨ ਬੀਕੇਯੂ ਏਕਤਾ ਉਗਰਾਹਾਂ ਆਗੂ ਕੁਲਬੀਰ ਸਿੰਘ ਤੇ ਜੱਗਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਮੁਰਦਾਬਾਦ ਨਾਅਰੇ ਮਾਰਦੇ ਮੌਕੇ ਉੱਤੇ ਪਹੁੰਚ ਗਏ ਅਤੇ ਕਾਂਗਰਸੀ ਆਗੂ ਨੇ ਜਲਦੀ ਜਲਦੀ ਰਬਿਨ ਕੱਟ ਦਿੱਤਾ।