ਬੀ.ਐੱਸ. ਚਾਨਾ
ਆਨੰਦਪੁਰ ਸਾਹਿਬ, 28 ਜੂਨ
ਇੱਥੇ ਅੱਜ ਹੋਈ ਵਿਸ਼ਵ ਸਿੱਖ ਇਕੱਤਰਤਾ ਵਿੱਚ ਗੁਰਮਤੇ ਰਾਹੀਂ ਸਾਂਝਾ ਫੈਸਲਾ ਲਿਆ ਗਿਆ ਅਤੇ ਗੁਰਮਤੇ ਵਿੱਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ।”
ਮੀਰੀ ਪੀਰੀ ਦੇ ਦਿਹਾੜੇ ਮੌਕੇ ਅੱਜ ਇੱਥੇ ਵਿਸ਼ਵ ਸਿੱਖ ਇਕੱਤਰਤਾ ਹੋਈ ਜਿਸ ਵਿਚ ਵੱਡੀ ਗਿਣਤੀ ਸੰਪ੍ਰਦਾਵਾਂ, ਜਥਿਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਥ ਰਵਾਇਤ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ। ਇਹ ਇਕੱਤਰਤਾ ਸੱਦਣ ਵਾਲੀਆਂ ਸ਼ਖ਼ਸੀਅਤਾਂ ਨੇ ਸਾਂਝੇ ਤੌਰ ‘ਤੇ ਗੁਰਮਤੇ ਦੀ ਆਰੰਭਤਾ ਦੀ ਅਰਦਾਸ ਕੀਤੀ। ਉਪਰੰਤ ਉਨ੍ਹਾਂ ਸਾਖੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹਾਜ਼ਰ ਜਥਿਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਿਚੋਂ ਪੰਥਕ ਰਵਾਇਤ ਅਨੁਸਾਰ ਪੰਜ ਸਿੰਘਾਂ ਦੀ ਚੋਣ ਕੀਤੀ। ਸਾਖੀ ਸਿੰਘਾਂ ਨੇ ਇਕ-ਇਕ ਕਰ ਕੇ ਪੰਜ ਸਿੰਘਾਂ ਦੇ ਨਾਮ ਲਏ ਤੇ ਉਨ੍ਹਾਂ ਬਾਰੇ ਸੰਗਤ ਕੋਲੋਂ ਇਤਰਾਜ਼ ਮੰਗੇ। ਇੰਝ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਸਾਰੇ ਜਥਿਆਂ ਦੇ ਵਿਚਾਰ ਸੁਣ ਕੇ ਗੁਰਮਤਾ ਸੋਧਣ ਦੀ ਸ਼ੁਰੂਆਤ ਇਨ੍ਹਾਂ ਪੰਜ ਸਿੰਘਾਂ ਵੱਲੋਂ ਕੀਤੀ ਗਈ।
ਇਸ ਮੌਕੇ ਵਿਦੇਸ਼ਾਂ ਵਿੱਚੋਂ ਵੀ ਵੱਡੀ ਗਿਣਤੀ ਸਿੱਖ ਜਥਿਆਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਪੰਜ ਸਿੰਘਾਂ ਕੋਲ ਆਪਣੇ ਵਿਚਾਰ ਪੇਸ਼ ਕੀਤੇ। ਪੰਜ ਸਿੰਘਾਂ ਨੇ ਸਾਰੇ ਬੁਲਾਰਿਆਂ ਦੇ ਵਿਚਾਰ ਸੁਣ ਕੇ ਆਪਸ ਵਿੱਚ ਚਰਚਾ ਕੀਤੀ ਤੇ ਗੁਰਮਤਾ ਸੋਧਿਆ। ਇਸ ਇਕੱਤਰਤਾ ਦਾ ਸੱਦਾ ਦੇਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਾਰਾਇਣ ਸਿੰਘ ਚੌੜਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਆਦਿ ਹਾਜ਼ਰ ਸਨ।