ਇਕਬਾਲ ਸਿੰਘ ਸ਼ਾਂਤ
ਲੰਬੀ, 16 ਦਸੰਬਰ
ਮੁੱਖ ਅੰਸ਼
- ਸਰਕਾਰ ਬਣਨ ’ਤੇ ਪਾਣੀ, ਬਿਜਲੀ ਤੇ ਮੈਡੀਕਲ ਸਹੂਲਤਾਂ ਮੁਫ਼ਤ ਦੇਣ ਦਾ ਕੀਤਾ ਵਾਅਦਾ
- ਖੁੱਡੀਆਂ ਵਿੱਚ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਦੇ ਹੱਕ ’ਚ ਚੋਣ ਰੈਲੀ ਕੀਤੀ
ਬਾਦਲਾਂ ਦੇ ਗੜ੍ਹ ਲੰਬੀ ਹਲਕੇ ਦੇ ਪਿੰਡ ਖੁੱਡੀਆਂ ’ਚ ਅੱਜ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਜੰਮ ਕੇ ਗਰਜੇ। ਉਨ੍ਹਾਂ ਚੰਨੀ ਸਰਕਾਰ ਨੂੰ ਡਰਾਮੇਬਾਜ਼ ਅਤੇ ਸਭ ਤੋਂ ਭ੍ਰਿਸ਼ਟ ਸਰਕਾਰ ਗਰਦਾਨਦਿਆਂ ਕਿਹਾ ਕਿ ਪੰਜਾਬ ਦਾ 1.70 ਲੱਖ ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬਜਟ ਹੈ ਜਿਸ ਵਿੱਚੋਂ 20 ਫ਼ੀਸਦੀ (ਕੁੱਲ 34 ਹਜ਼ਾਰ ਕਰੋੜ ਰੁਪਏ) ਲੀਡਰ ਡਕਾਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 34 ਹਜ਼ਾਰ ਕਰੋੜ ਰੁਪਏ ਵਿੱਚੋਂ 10 ਹਜ਼ਾਰ ਕਰੋੜ ਰੁਪਏ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਮਹੀਨਾ ਦੇਣ ’ਤੇ ਖ਼ਰਚ ਕਰਨ ਮਗਰੋਂ ਵੀ ਸੂਬੇ ’ਚ ਦਿੱਲੀ ਵਾਂਗ ਬਿਜਲੀ-ਪਾਣੀ ਦੇ ਬਿੱਲ ‘ਜ਼ੀਰੋ’ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦਾ ਸਾਰਾ ਕਰਜ਼ਾ ਉਤਾਰ ਦਿੱਤਾ ਹੈ, ਉਸੇ ਤਰ੍ਹਾਂ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਤੇ ਸੂਬੇ ਦਾ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਵੀ ਲਾਹ ਦਿਆਂਗੇ।
ਜ਼ਿਕਰਯੋਗ ਹੈ ਕਿ ਬਾਦਲਾਂ ਦੇ ਗੜ੍ਹ ’ਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਰੈਲੀ ਦੌਰਾਨ ਉਨ੍ਹਾਂ ਦੇ ਸੁਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਖ਼ਿਲਾਫ਼ ਨਰਮੀ ਵਾਲੇ ਰਹੇ। ਕਰੀਬ 17 ਮਿੰਟ ਦੇ ਭਾਸ਼ਨ ’ਚ ਕੇਜਰੀਵਾਲ ਨੇ ਬਾਦਲਾਂ ਖ਼ਿਲਾਫ਼ ਤਿੱਖੇ ਸਿਆਸੀ ਹਮਲੇ ਨਹੀਂ ਕੀਤੇ।
‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ’ਚ ਰੈਲੀ ਮੌਕੇ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਨ ਸਭਾ ’ਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜਗਰੂਪ ਸਿੰਘ ਬਠਿੰਡਾ, ਰਾਕੇਸ਼ ਪੁਰੀ, ਜਸ਼ਨਦੀਪ ਸਿੰਘ ਜੇਡੀ ਅਤੇ ਜਗਦੀਸ਼ ਸਿੰਘ ਬਾਮ ਵੀ ਮੌਜੂਦ ਸਨ। ਰੈਲੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੁੱਟ-ਖਸੁੱਟ ਵਾਲੇ ਆਗੂਆਂ ਤੋਂ ਸਾਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਨੂੰ ਜੇਬਕਤਰੇ ਤੋਂ ਲੈ ਕੇ ਐੱਨਆਰਆਈ ਤੱਕ ਦੱਸ ਕੇ ਸਰਕਾਰ ਦਾ ਮਜ਼ਾਕ ਬਣਾ ਰਿਹਾ ਹੈ। ਚੰਨੀ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਉਹ ਦੁਨੀਆ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਹੈ ਜਿਹੜਾ 24 ਘੰਟੇ ਬਾਥਰੂਮ ਵਿੱਚ ਲੋਕਾਂ ਨੂੰ ਮਿਲਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਚੋਰੀ-ਲੁੱਟ ਮਚਾਉਣ ’ਚ ਲੱਗੇ ਹੋਏ ਹਨ। ਅਜਿਹੇ ’ਚ ਪੰਜਾਬ ਦਾ ਭਵਿੱਖ ਸੁਰੱਖਿਅਤ ਕਿਵੇਂ ਰਹਿ ਸਕਦਾ ਹੈ। ‘ਆਪ’ ਕਨਵੀਨਰ ਨੇ ਕਿਹਾ ਕਿ ਚੰਨੀ ਸਿਰਫ਼ 80 ਦਿਨਾਂ ਦਾ ਹਿਸਾਬ ਦਿੰਦੇ ਹਨ ਜਦਕਿ ਪੌਣੇ ਪੰਜ ਸਾਲ ’ਚ ਕੈਪਟਨ ਅਮਰਿੰਦਰ ਸਿੰਘ ਦਾ ਰਾਜਭਾਗ ਅਤੇ ਘਰ-ਘਰ ਨੌਕਰੀ, ਸ਼ਗਨ ਸਕੀਮ ਜਿਹੇ ਅਣਗਿਣਤ ਅਧੂਰੇ ਵਾਅਦੇ ਵੀ ਇਸੇ ਸਰਕਾਰ ਦੇ ਖਾਤੇ ’ਚ ਪੈਂਦੇ ਹਨ। ਉਨਾਂ ਕਾਂਗਰਸ ਪਾਰਟੀ ਨੂੰ ਸਰਕਸ ਦੱਸਦਿਆਂ ਆਖਿਆ ਕਿ ਪੰਜਾਬ ’ਚ ਸਿੱਧੂ, ਚੰਨੀ, ਜਾਖੜ ਸਮੇਤ ਕਿਸੇ ਆਗੂ ਦੀ ਆਪਸ ’ਚ ਨਹੀਂ ਬਣਦੀ ਹੈ। ਉਨ੍ਹਾਂ ‘ਆਪ’ ਸਰਕਾਰ ਬਣਨ ’ਤੇ ਸਰਹਿੰਦ ਫੀਡਰ ਤੋਂ ਕਿਸਾਨਾਂ ਨੂੰ ਲਿਫ਼ਟ ਪੰਪਾਂ ਜ਼ਰੀਏ ਸਿੰਚਾਈ ਲਈ ਪਾਣੀ ਅਤੇ ਬਿਜਲੀ ਮੁਫ਼ਤ ਦੇਣ ਦਾ ਭਰੋਸਾ ਦਿਵਾਇਆ। ਕੇਜਰੀਵਾਲ ਨੇ ਲੰਬੀ ਤੋਂ ਬਾਦਲਾਂ ਦਾ 25 ਸਾਲਾਂ ਦਾ ਕਬਜ਼ਾ ਤੋੜ ਕੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਸਾਧਾਰਨ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਮੰਤਰੀ-ਵਿਧਾਇਕਾਂ ਵਾਂਗ ਹਾਈ-ਪ੍ਰੋਫਾਈਲ ਅਤੇ ਮਹਿੰਗੀਆਂ ਸਿਹਤ ਸਹੂਲਤਾਂ ਮੁਫ਼ਤ ’ਚ ਮੁਹੱਈਆ ਹੋਣਗੀਆਂ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਚੰਨੀ ਵਾਂਗ ਗੁੱਲੀ-ਡੰਡਾ ਤਾਂ ਖੇਡਣਾ ਨਹੀਂ ਆਉਂਦਾ, ਪਰ ਆਧੁਨਿਕ ਸਕੂਲ, ਮੁਹੱਲਾ ਕਲੀਨਿਕ ਅਤੇ ਲੋਕ ਹਿੱਤ ਦੇ ਕਾਰਜ ਕਰਨੇ ਬਹੁਤ ਆਉਂਦੇ ਹਨ। ਰੈਲੀ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਬਦਲਾਅ ਦੀ ਰਾਜਨੀਤੀ ਤੋਂ ਰਵਾਇਤੀ ਸਿਆਸਤਦਾਨ ਡਰੇ ਹੋਏ ਹਨ। ਉਨ੍ਹਾਂ ਕਾਲੇ ਖੇਤੀ ਬਿੱਲਾਂ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਮਰਹੂਮ ਜਗਦੇਵ ਸਿੰਘ ਖੁੱਡੀਆਂ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਦੀ ਸੇਵਾ ਲਈ ਇਕ ਮੌਕਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬੀ ਗਾਇਕ ਜੱਸ ਬਾਜਵਾ ਨੇ ਲੋਕਾਂ ਦਾ ਗੀਤਾਂ ਨਾਲ ਮਨੋਰੰਜਨ ਕੀਤਾ। ‘ਆਪ’ ਦੀ ਖੁੱਡੀਆਂ ਰੈਲੀ ਦੌਰਾਨ ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਅਤੇ ਸੀਨੀਅਰ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਦੇ ਮੋਬਾਈਲ ਫੋਨ ਸਮੇਤ ਕਈ ਜਣਿਆਂ ਦੇ ਬਟੂਏ ਚੋਰੀ ਹੋ ਗਏ।
ਬਾਹਰੀ ਹਲਕਿਆਂ ਤੋਂ ਇਕੱਠੀ ਕੀਤੀ ਗਈ ਭੀੜ
ਲੰਬੀ: ਬਾਦਲਾਂ ਦੇ ਗੜ੍ਹ ਲੰਬੀ ਹਲਕੇ ’ਚ ਬਾਹਰੀ ਹਲਕਿਆਂ ਦੀ ਭੀੜ ਨਾਲ ਆਮ ਆਦਮੀ ਪਾਰਟੀ ਨੇ ਸਿਆਸੀ ਵਜ਼ਨ ਦਿਖਾਇਆ। ਪਿੰਡ ਖੁੱਡੀਆਂ ਵਿਖੇ ਕੀਤੀ ਭਰਵੀਂ ਰੈਲੀ ’ਚ ਲੰਬੀ ਹਲਕੇ ਨਾਲੋਂ ਵੱਧ ਤਲਵੰਡੀ ਸਾਬੋ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਦਿਹਾਤੀ, ਮਲੋਟ, ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਸਹਾਏ, ਭੁੱਚੋ ਅਤੇ ਬਠਿੰਡਾ ਸ਼ਹਿਰੀ ਸਮੇਤ ਦਸ ਹਲਕਿਆਂ ਵਿੱਚੋਂ ਕਈ ਹਜ਼ਾਰ ‘ਆਪ’ ਵਰਕਰ ਬੱਸਾਂ ਅਤੇ ਹੋਰ ਵਹੀਕਲਾਂ ’ਤੇ ਲਿਆਂਦੇ ਗਏ ਸਨ। ਸਭ ਤੋਂ ਵੱਧ ਤਲਵੰਡੀ ਸਾਬੋ ਦੇ ਹਰੇਕ ਪਿੰਡ ’ਚੋਂ ਇੱਕ-ਇੱਕ ਬੱਸ ਵਰਕਰਾਂ ਦੀ ਭਰ ਕੇ ਲਿਆਂਦੀ ਗਈ ਸੀ।