ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਕਿਸਾਨਾਂ ’ਚ ਸਿਆਸੀ ਆਗੂਆਂ ਖ਼ਿਲਾਫ਼ ਰੋਹ ਇੰਨਾ ਵਧ ਗਿਆ ਹੈ ਕਿ ਜਦੋਂ ਉਹ ਵੇਲੇ ਕੁਵੇਲੇ ਵਿਕਾਸ ਕਾਰਜਾਂ ਦੇ ਬਹਾਨੇ ਵੋਟਾਂ ਲਈ ਪਿੰਡਾਂ ’ਚ ਗੇੜੇ ਮਾਰਦੇ ਹਨ ਤਾਂ ਭਿਣਕ ਲੱਗਦਿਆਂ ਹੀ ਕਿਸਾਨ ਇਕੱਠੇ ਹੋ ਕੇ ਵਿਰੋਧ ਕਰਨ ਲੱਗ ਪੈਂਦੇ ਹਨ। ਪਿੰਡ ਘੱਲਕਲਾਂ ਵਿੱਚ ਹਲਕਾ ਵਿਧਾਇਕ ਡਾ. ਹਰਜੋਤ ਕਮਲ ਵਰ੍ਹਦੇ ਮੀਂਹ ’ਚ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਸਣੇ ਹੋਰਨਾਂ ਵਰਕਰਾਂ ਨੂੰ ਮਿਲਣ ਪਹੁੰਚੇ ਸਨ। ਵਿਧਾਇਕ ਦੇ ਪਿੰਡ ਵਿੱਚ ਆਉਣ ਦੀ ਸੂਹ ਮਿਲਦਿਆਂ ਹੀ ਕਿਰਤੀ ਕਿਸਾਨ ਯੂਨੀਅਨ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਸਣੇ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਮੌਕੇ ’ਤੇ ਪਹੁੰਚ ਗਏ। ਕਿਸਾਨਾਂ ਨੇ ਆਖਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਕਿਸਾਨ ਵਿਰੋਧੀ ਹਨ, ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਵਿਧਾਇਕ ਦੇ ਘਿਰਾਓ ਦੌਰਾਨ ਮਾਹੌਲ ਤਣਾਅ ਵਾਲਾ ਹੋਣ ’ਤੇ ਥਾਣਾ ਸਦਰ ਮੁਖੀ ਕਸ਼ਮੀਰ ਸਿੰਘ ਤੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ। ਵਰ੍ਹਦੇ ਮੀਂਹ ’ਚ ਕਿਸਾਨ ਵਿਧਾਇਕ ਨਾਲ ਸੁਆਲ-ਜੁਆਬ ਕਰਨ ਲਈ ਅੜੇ ਰਹੇ ਅਤੇ ਥਾਣਾ ਮੁਖੀ ਨੇ ਸੁਰੱਖਿਆ ਘੇਰੇ ’ਚ ਉਨ੍ਹਾਂ ਦੀ ਡਾ. ਹਰਜੋਤ ਕਮਲ ਨਾਲ ਗੱਲਬਾਤ ਕਰਵਾਈ। ਇਸ ਮਗਰੋਂ ਕਿਸਾਨ ਸ਼ਾਂਤ ਹੋ ਗਏ। ਇਸ ਮੌਕੇ ਕਿਸਾਨਾਂ ਨੇ ਵਿਧਾਇਕ ਨੂੰ ਪਿੰਡ ਦੇ ਖਰਾਬ ਜਲ-ਘਰ, ਕਰਜ਼ਾ ਮੁਆਫ਼ੀ ਅਤੇ ਘਰ-ਘਰ ਰੁਜ਼ਗਾਰ ਸਬੰਧੀ ਸੁਆਲ ਕੀਤੇ। ਕਿਸਾਨਾਂ ਨੇ ਵਿਧਾਇਕ ਨੂੰ ਕਿਹਾ ਕਿ ਵੋਟਾਂ ਲਈ ਗੇੜੇ ਮਾਰ ਕੇ ਮਾਹੌਲ ਨਾ ਖਰਾਬ ਕੀਤਾ ਜਾਵੇ।
ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਪਿੰਡ ’ਚ ਚਾਰ ਦਿਨ ਪਹਿਲਾਂ ਆਏਅਕਾਲੀ ਆਗੂ ਨੂੰ ਕਿਸੇ ਨੇ ਵੀ ਝੰਡੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਐਲਾਨ ਕਰ ਚੁੱਕੇ ਹਨ ਕਿ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਨੂੰ ਸੂਬੇ ਵਿੱਚ ਲਾਗੂ ਨਾ ਕਰਨ ਸਬੰਧੀ ਇਕ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਵੀ ਕਿਸਾਨ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਤੇ ਉਹ ਅੱਜ ਵੀ ਕਿਸਾਨਾਂ ਦੇ ਨਾਲ ਹਨ।
ਕਿਸਾਨਾਂ ਦੇ ਵਿਰੋਧ ਕਾਰਨ ਡਰੇਨ ਦਾ ਉਦਘਾਟਨ ਕਰਨ ਨਾ ਪਹੁੰਚੇ ਮੰਤਰੀ
ਸਮਰਾਲਾ (ਡੀਪੀਐੱਸ ਬੱਤਰਾ): ਹਲਕਾ ਸਮਰਾਲਾ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਢੰਡੇ ਡਰੇਨ ਦੇ ਉਦਘਾਟਨ ਦਾ ਸਮਾਗਮ ਰੱਦ ਕਰਨਾ ਪਿਆ ਅਤੇ ਪ੍ਰਸ਼ਾਸਨ ਵੱਲੋਂ ਉਦਘਾਟਨ ਸਬੰਧੀ ਕੀਤੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਜਾਣਕਾਰੀ ਮੁਤਾਬਿਕ ਕਿਸਾਨਾਂ ਨੂੰ ਇਨ੍ਹਾਂ ਦੋਵੇਂ ਮੰਤਰੀਆਂ ਦੇ ਆਉਣ ਦੀ ਭਿਣਕ ਪਹਿਲਾਂ ਹੀ ਲੱਗ ਚੁੱਕੀ ਸੀ, ਜਿਸ ਦੇ ਮੱਦੇਨਜ਼ਰ ਕਿਸਾਨ ਨੀਲੋਂ ਪੁਲ ’ਤੇ ਸਵੇਰੇ 8 ਵਜੇ ਹੀ ਇੱਕਠੇ ਹੋਣ ਲੱਗ ਪਏ। ਕਿਸਾਨਾਂ ਦੇ ਇਕੱਠੇ ਹੋਣ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਦੇ ਸਾਹ ਫੁੱਲ ਗਏ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਦੋਵੇਂ ਮੰਤਰੀਆਂ ਨਾਲ ਸਵਾਲ-ਜਵਾਬ ਕਰਨ ਲਈ ਅੜੇ ਰਹੇ। ਕਿਸਾਨਾਂ ਵੱਲੋਂ ਆਪਣੀ ਗੱਲ ’ਤੇ ਅੜੇ ਰਹਿਣ ਕਾਰਨ ਦੋਵੇੇਂ ਕੈਬਨਿਟ ਮੰਤਰੀਆਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਇਸ ਮਗਰੋਂ ਸਮਾਗਮ ਵਿੱਚ ਸ਼ਾਮਲ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਉਦਘਾਟਨ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਇਨ੍ਹਾਂ ਦੋਹਾਂ ਵਿਧਾਇਕਾਂ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਕਿਸਾਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਜ਼ਿਕਰਯੋਗ ਹੈ ਕਿ ਇਲਾਕੇ ਦੇ ਕਈ ਕਿਸਾਨਾਂ ਨੇ ਲੁਧਿਆਣਾ ਦੇ ਬੁੱਢੇ ਨਾਲੇ ਤੱਕ ਜਾਣ ਵਾਲੀ ਇਸ ਡਰੇਨ ਦਾ ਵਿਰੋਧ ਕੀਤਾ ਤੇ ਡਰੇਨ ਨੂੰ ਲੋਕਾਂ ਲਈ ਨੁਕਸਾਨਦਾਇਕ ਕਰਾਰ ਦਿੱਤਾ।