ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 25 ਜਨਵਰੀ
ਕਿਸਾਨੀ ਅੰਦੋਲਨ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਅੰਦਰਖ਼ਾਤੇ ਚਿੰਤਾ ਵਧਣ ਲੱਗੀ ਹੈ। ਹਾਲਾਤ ਅਜਿਹੇ ਉਪਜਣ ਲੱਗੇ ਹਨ ਕਿ ਜਿਵੇਂ-ਜਿਵੇਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਦਿਨ ਘਟ ਰਹੇ ਹਨ ਤਿਵੇਂ-ਤਿਵੇਂ ਰਾਜਸੀ ਪਾਰਟੀਆਂ ਨੂੰ ਸਿਆਸੀ ਜ਼ਮੀਨ ਵੀ ਖੁੱਸਦੀ ਹੋਈ ਪ੍ਰਤੀਤ ਹੋਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਰਾਜਸੀ ਧਿਰਾਂ ਨੂੰ ਵੱਡੀ ਚਿੰਤਾ ਹੈ ਕਿ ਵਿਧਾਨ ਸਭਾ ਪਿੜ ਤਕ ਕਿਸਾਨੀ ਝੰਡਿਆਂ ਅੱਗੇ ਸਿਆਸੀ ਝੰਡਿਆਂ ਦਾ ਰੰਗ ਕਿਤੇ ਅਸਲੋਂ ਫ਼ਿਕਾ ਨਾ ਪੈ ਜਾਏ। ਅਜਿਹੇ ’ਚ ਕਿਸਾਨ ਘੋਲ ਦੀ ਹਮਾਇਤ ਦੇ ਨਾਂ ’ਤੇ ਰਾਜਸੀ ਧਿਰਾਂ ਵੱਲੋਂ ਆਪਣੀ ਬਚੀ-ਖੁਚੀ ਸਿਆਸੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਸੰਘਰਸ਼ ਨੇ ਸੂਬੇ ਦੀ ਫਿਜ਼ਾ ਦਾ ਚਿਹਰਾ-ਮੋਹਰਾ ਬਦਲ ਕੇ ਰੱਖ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚਾਰ-ਚੁਫੇਰੇ ਲਹਿਰਾ ਰਹੇ ਕਿਸਾਨੀ ਝੰਡਿਆਂ ਤੋਂ ਸਿਆਸੀ ਧਿਰਾਂ ਨੂੰ ਰਾਜਸੀ ਤਾਪ ਚੜ੍ਹਨਾ ਸੁਭਾਵਕ ਹੈ।