ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਪਰੈਲ
ਪੰਜਾਬ ਨੂੰ ਆਉਣ ਵਾਲੇ ਦਿਨਾਂ ਵਿੱਚ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਅਨੁਸਾਰ ਇਸ ਵਾਰ ਗਰਮੀ ਹੋਰ ਨਵੇਂ ਰਿਕਾਰਡ ਕਾਇਮ ਕਰ ਸਕਦੀ ਹੈ। ਫ਼ਿਲਹਾਲ, ਅਗਲੇ ਹਫ਼ਤੇ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਦਾ ਤਾਪਮਾਨ 42 ਡਿਗਰੀ ਤੋਂ ਉਪਰ ਰਹਿਣ ਦੀਆਂ ਸੂਚਨਾਵਾਂ ਮਿਲੀਆਂ ਹਨ ਅਤੇ ਅਗਲੇ ਦਿਨਾਂ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਵਿਭਾਗ ਮੁਤਾਬਕ ਆਮ ਤੌਰ ’ਤੇ ਅਪਰੈਲ ਮਹੀਨੇ ਦਾ ਅਖ਼ੀਰਲਾ ਹਫ਼ਤਾ ਸਭ ਤੋਂ ਜ਼ਿਆਦਾ ਗਰਮੀ ਵਾਲਾ ਮੰਨਿਆ ਜਾਂਦਾ ਹੈ। ਇਸ ਹਫ਼ਤੇ ਦੌਰਾਨ ਹੀ ਲੂ ਦਾ ਕਹਿਰ ਅਕਸਰ ਵਧ ਜਾਂਦਾ ਹੈ ਜਦੋਂਕਿ ਅੱਜ ਮਾਨਸਾ, ਬਠਿੰਡਾ ਇਲਾਕੇ ਵਿੱਚ ਪਾਰਾ 42 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤਾਪਮਾਨ ਮਨੁੱਖ ਲਈ ਬਾਹਰ ਨਿਕਲਣ ਵਾਸਤੇ ਚੰਗਾ ਨਹੀਂ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਲੂ ਚੱਲਣ ਨਾਲ ਲੋਕਾਂ ਦੇ ਕੰਮਾਂ-ਕਾਰਾਂ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਬਜ਼ਾਰਾਂ ਵਿੱਚ ਲੱਗੀਆਂ ਰੌਣਕਾਂ ਹੁਣ ਗਰਮੀ ਦੇ ਕਹਿਰ ਕਾਰਨ ਲੋਪ ਹੋਣ ਲੱਗੀਆਂ ਹਨ।
ਮਾਨਸਾ ਸ਼ਹਿਰ ਸਣੇ ਨੇੜਲੇ ਕਸਬਿਆਂ ਵਿੱਚ ਸਿਖਰ ਦੁਪਹਿਰੇ ਬਾਜ਼ਾਰ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਕਿਸਾਨਾਂ ਅਤੇ ਦਿਹਾੜੀਦਾਰਾਂ ਤੋਂ ਇਲਾਵਾ ਇਸ ਗਰਮ ਮੌਸਮ ਨੇ ਦੁਕਾਨਦਾਰਾਂ ਅਤੇ ਹੋਰ ਨਿੱਜੀ ਸੇਵਾਵਾਂ ’ਤੇ ਵੀ ਮਾੜਾ ਅਸਰ ਪਾਇਆ ਹੈ। ਬਾਜ਼ਾਰਾਂ, ਗਲੀ ਮੁਹੱਲਿਆਂ ਵਿੱਚ ਇਸ ਵਾਰ ਰਿਕਾਰਡ ਤੋੜ ਰਹੀ ਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਗਰਮੀ ਕਾਰਨ ਸਬਜ਼ੀ ਕਾਸ਼ਤਕਾਰਾਂ ਨੂੰ ਕੱਦੂ ਜਾਤੀ ਦੀਆਂ ਸਬਜ਼ੀਆਂ ਜਦੋਂਕਿ ਪਸ਼ੂਆਂ ਦੇ ਹਰੇ-ਚਾਰੇ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗੇਤੀ ਬੀਜੀ ਮੱਕੀ ਅਤੇ ਹਰੀ ਖਾਦ ਵਜੋਂ ਬੀਜੇ ਯੰਤਰ ਲਈ ਪਾਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਭਰਵਾਂ ਪਾਣੀ ਲਾਉਣਾ ਚਾਹੀਦਾ ਹੈ।