ਪੱਤਰ ਪ੍ਰੇਰਕ
ਜ਼ੀਰਾ, 8 ਅਗਸਤ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਿਵਲ ਕੋਰਟ ਜ਼ੀਰਾ ਵਿੱਚ ਪੇਸ਼ੀ ਭੁਗਤਣ ਲਈ ਪਹੁੰਚੇ। ਦਸੰਬਰ 2017 ਵਿੱਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿੱਚ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਖ਼ਾਰਜ ਕਰ ਦਿੱਤੀਆਂ ਗਈਆਂ ਸਨ। ਇਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਲੀਡਰਸ਼ਿਪ ਵੱਲੋਂ ਅੰਮ੍ਰਿਤਸਰ-ਬਠਿੰਡਾ ਮਾਰਗ ’ਤੇ ਹਰੀਕੇ ਪੱਤਣ ਬੰਗਾਲੀ ਵਾਲਾ ਪੁਲ ਜਾਮ ਕੀਤਾ ਗਿਆ ਸੀ। ਇਸ ’ਤੇ 8 ਦਸੰਬਰ ਨੂੰ ਥਾਣਾ ਮੱਖੂ ਵਿੱਚ ਸੁਖਬੀਰ ਸਿੰਘ ਬਾਦਲ ਸਣੇ 49 ਜਣਿਆਂ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੇਸ਼ੀ ਭੁਗਤਣ ਲਈ ਅੱਜ ਸੁਖਬੀਰ ਸਿੰਘ ਬਾਦਲ 10 ਅਕਾਲੀ ਵਰਕਰਾਂ ਸਣੇ ਜ਼ੀਰਾ ਦੀ ਅਦਾਲਤ ਵਿਚ ਪਹੁੰਚੇ।