ਮਨੋਜ ਸ਼ਰਮਾ
ਬਠਿੰਡਾ, 17 ਅਗਸਤ
ਇੱਥੇ ਸਥਿਤ ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਲੋਕਾਂ ਲਈ ਚਿੱਟਾ ਹਾਥੀ ਬਣਿਆ ਹੋਇਆ ਹੈ। ਹਸਪਤਾਲ ਵਿੱਚ ਮੈਮੋਗ੍ਰਾਫ਼ੀ ਟੈਸਟ ਦੀ ਮਸ਼ੀਨ ਤਾਂ ਹੈ ਪਰ ਪਿਛਲੇ ਕਈ ਸਾਲਾਂ ਤੋਂ ਵਰਤੋਂ ਵਿਚ ਨਹੀਂ ਲਿਆਂਦੀ ਜਾ ਰਹੀ। ਇਸ ਕਾਰਨ ਮੈਮੋਗ੍ਰਾਫੀ ਕਰਵਾਉਣ ਵਾਲੇ ਮਰੀਜ਼ਾਂ ਨੂੰ ਸ਼ਹਿਰ ਦੀਆਂ ਪ੍ਰਾਈਵੇਟ ਲੈਬਾਂ ’ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ। ਪੀੜਤ ਮਰੀਜ਼ਾਂ ਨੇ ਦੱਸਿਆ ਕਿ ਇਸ ਟੈਸਟ ਲਈ ਨਿੱਜੀ ਲੈਬਾਰਟਰੀਆਂ ਵਾਲੇ 2500 ਤੋਂ 4,000 ਰੁਪਏ ਤੱਕ ਲੈਂਦੇ ਹਨ। ਸਹੂਲਤਾਂ ਨਾ ਮਿਲਣ ਕਾਰਨ ਖੇਤਰ ਦੀਆਂ ਬਹੁਤ ਸਾਰੀਆਂ ਔਰਤਾਂ ਰੋਜ਼ਾਨਾ ਕੈਂਸਰ ਹਸਪਤਾਲ ਤੋਂ ਬਿਨਾਂ ਜਾਂਚ ਕਰਵਾਇਆਂ ਪਰਤਦੀਆਂ ਹਨ। ਜ਼ਿਕਰਯੋਗ ਹੈ ਕਿ ਅਲਟਰਾਸਾਊਂਡ ਅਤੇ ਓਪੀਜੀ ਟੈਸਟਾਂ (ਦੰਦ ਅਤੇ ਜਬਾੜੇ) ਦੀਆਂ ਮਸ਼ੀਨਾਂ ਵੀ ਕੈਂਸਰ ਹਸਪਤਾਲ ਵਿੱਚ ਮੌਜੂਦ ਹਨ ਪਰ ਇਨ੍ਹਾਂ ਨੂੰ ਵੀ ਅਜੇ ਤੱਕ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਿਆ। ਇਸ ਕਾਰਨ ਕੈਂਸਰ ਦੇ ਮਰੀਜ਼ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਮੈਡੀਕਲ ਟੈਸਟ ਕਰਵਾਉਣ ਲਈ ਮਜਬੂਰ ਹਨ। ਕੈਂਸਰ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਲੱਖਾਂ ਰੁਪਏ ਦੀਆਂ ਅਲਟਰਾਸਾਊਂਡ, ਮੈਮੋਗ੍ਰਾਫੀ ਅਤੇ ਓਪੀਜੀ ਟੈਸਟਾਂ ਦੀਆਂ ਮਸ਼ੀਨਾਂ ਪਿਛਲੇ ਲੰਬੇ ਸਮੇਂ ਤੋਂ ਕਮਰੇ ਵਿੱਚ ਬੰਦ ਪਈਆਂ ਹਨ। ਸੂਤਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਰੇਡੀਆਲੋਜਿਸਟ ਨਾ ਹੋਣ ਕਾਰਨ ਅਲਟਰਾਸਾਊਂਡ ਟੈਸਟ ਨਹੀਂ ਕੀਤੇ ਜਾ ਰਹੇ। ਸੂਤਰਾਂ ਨੇ ਦੱਸਿਆ ਕਿ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਹਨ ਜਿਨ੍ਹਾਂ ਨੂੰ ਪੀਈਟੀ ਸਕੈਨ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਜੋ ਇੱਥੇ ਉਪਲਬਧ ਨਹੀਂ ਹੈ। ਮਾਨਸਾ ਤੋਂ ਕੈਂਸਰ ਦੇ ਮਰੀਜ਼ ਨਾਲ ਆਏ ਬਲਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਅਲਟਰਾਸਾਊਂਡ ਟੈਸਟ ਨਾ ਹੋਣ ਕਾਰਨ ਇੱਥੋਂ 5 ਕਿੱਲੋਮੀਟਰ ਦੀ ਦੂਰੀ ਤੈਅ ਕਰਕੇ ਪ੍ਰਾਈਵੇਟ ਟੈਸਟ ਕਰਵਾਉਣ ਲਈ ਜਾਣਾ ਪੈਂਦਾ ਹੈ।
ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਇਕ ਪਿੰਡ ਵਿੱਚੋਂ ਆਈ ਔਰਤ ਨੂੰ ਵੀ ਬਾਹਰੋਂ ਮੈਮੋਗ੍ਰਾਫੀ ਟੈਸਟ ਕਰਵਾਉਣ ਲਈ ਕਿਹਾ ਗਿਆ ਪਰ ਪੈਸੇ ਨਾ ਹੋਣ ਕਾਰਨ ਉਹ ਆਪਣੀ ਧੀ ਨਾਲ ਟੈਸਟ ਕਰਵਾਉਣ ਤੋਂ ਬਿਨਾਂ ਹੀ ਘਰ ਨੂੰ ਪਰਤ ਗਈ।
ਰੇਡੀਆਲੋਜਿਸਟ ਦੀ ਨਿਯੁਕਤੀ ਲਈ ਸਰਕਾਰ ਨੂੰ ਕਿਹਾ ਗਿਐ: ਡਾਇਰੈਕਟਰ
ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਦੇ ਡਾਇਰੈਕਟਰ ਡਾਕਟਰ ਦੀਪਕ ਅਰੋੜਾ ਨੇ ਕਿਹਾ ਕਿ ਹਸਪਤਾਲ ਵਿੱਚ ਰੇਡੀਆਲੋਜਿਸਟ ਦੀ ਨਿਯੁਕਤੀ ਲਈ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ। ਉਨ੍ਹਾਂ ਮੰਨਿਆ ਮੈਮੋਗ੍ਰਾਫੀ ਅਤੇ ਓਪੀਜੀ ਟੈਸਟਾਂ ਲਈ ਮਸ਼ੀਨਾਂ ਤਾਂ ਹਨ ਪਰ ਇਹ ਫਿਲਹਾਲ ਕੰਮ ਨਹੀਂ ਕਰ ਰਹੀਆਂ ਹਨ। ਉਹ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।