ਆਤਿਸ਼ ਗੁਪਤਾ
ਚੰਡੀਗੜ੍ਹ, 8 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਵਿਰੁੱਧ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਮੋਰਚਾ ਜਲਦੀ ਹੀ ਪੰਜਾਬ ਦੀਆਂ 117 ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗਾ। ਇਹ ਪ੍ਰਗਟਾਵਾ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਨੇ ਚੋਣ ਕਮਿਸ਼ਨ ਨੂੰ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਤੋਂ 117 ਸੀਟਾਂ ’ਤੇ ਉਮੀਦਵਾਰਾਂ ਨੂੰ ਇਕੋ ਚੋਣ ਨਿਸ਼ਾਨ ਦੇਣ ਦੀ ਵੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਯੁਕਤ ਸਮਾਜ ਮੋਰਚੇ ਅਤੇ ਰਵਾਇਤੀ ਪਾਰਟੀਆਂ ਵਿਚਕਾਰ ਟੱਕਰ ਹੋਵੇਗੀ, ਜਿਸ ’ਚ ਲੋਕ ਮੋਰਚੇ ਦਾ ਸਾਥ ਦੇਣਗੇ।
ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਮੌਕੇ ਸੁਰੱਖਿਆ ਖਾਮੀਆਂ ਦੇ ਨਾਂ ’ਤੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦਾ ਧਿਆਨ ਰੱਖਦਿਆਂ ਕਰੀਬ 150 ਕਿਲੋਮੀਟਰ ਸਫ਼ਰ ਸੜਕ ਰਾਹੀਂ ਕਰਨ ਦੀ ਥਾਂ ਹੈਲੀਕਾਪਟਰ ਦੀ ਵਰਤੋਂ ਕਰਨੀ ਚਾਹੀਦੀ ਸੀ। ਰਾਜੇਵਾਲ ਨੇ ਕਿਹਾ ਕਿ ‘ਆਪ’ ਵੀ ਹੋਰਨਾਂ ਰਵਾਇਤੀ ਪਾਰਟੀਆਂ ਵਾਂਗ ਹੀ ਕੰਮ ਕਰਨ ਲੱਗੀ ਹੋਈ ਹੈ, ਜਿਸ ਵੱਲੋਂ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਅਪਰਾਧਿਕ ਵਿਅਕਤੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।