ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 24 ਅਗਸਤ
ਸੀਟੂ ਦੇ ਸੱਦੇ ’ਤੇ ਸੈਂਕੜੇ ਸੀਟੂ ਵਰਕਰਾਂ ਨੇ ਮੁਹਾਲੀ ਦੇ ਫੇਜ਼ 10 ’ਚ ਸਥਿਤ ਪੰਜਾਬ ਦੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਭਰ ਤੋਂ ਹੱਥਾਂ ਵਿੱਚ ਲਾਲ ਝੰਡੇ ਚੁੱਕੀ ਪੁੱਜੇ ਸੀਟੂ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਿਨ੍ਹਾਂ ਵਿੱਚ ਆਸ਼ਾ ਅਤੇ ਆਂਗਣਵਾੜੀ ਕਰਮਚਾਰੀਆਂ ਦੀ ਜ਼ਿਆਦਾ ਗਿਣਤੀ ਸੀ। ਉਨ੍ਹਾਂ ਮੰਗਾਂ ਪੂਰੀਆਂ ਨਾ ਹੋਣ ’ਤੇ ਕਿਰਤ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ ਅਤੇ 24 ਸਤੰਬਰ ਨੂੰ ਸਮੁੱਚੀਆਂ ਸਕੀਮਾਂ ਅਧੀਨ ਕੰਮ ਕਰਦੇ ਕਾਮਿਆਂ ਵੱਲੋਂ ਇੱਕ ਦਿਨਾ ਹੜਤਾਲ ਦਾ ਐਲਾਨ ਕੀਤਾ ਗਿਆ। ਅੱਜ ਧਰਨੇ ਨੂੰ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਕੁੱਲ ਹਿੰਦ ਸਕੱਤਰ ਊਸ਼ਾ ਰਾਣੀ, ਸੁੱਚਾ ਸਿੰਘ ਅਜਨਾਲਾ, ਕੇਵਲ ਸਿੰਘ, ਤਰਸੇਮ ਜੋਧਾਂ, ਸੁਖਵਿੰਦਰ ਸਿੰਘ ਲੋਟੇ, ਜੋਗਿੰਦਰ ਸਿੰਘ ਔਲਖ, ਪਰਮਜੀਤ ਸਿੰਘ ਨੀਲੋਂ, ਅਮਰਨਾਥ ਕੂੰਮਕਲਾਂ, ਸੁਭਾਸ਼ ਰਾਣੀ, ਸ਼ੇਰ ਸਿੰਘ ਫਰਵਾਹੀ, ਦਲਜੀਤ ਗੋਰਾ, ਨਛੱਤਰ ਸਿੰਘ, ਰੇਸ਼ਮ ਸਿੰਘ ਗਿੱਲ, ਤਰਸੇਮ ਸਿੰਘ ਤੇ ਪ੍ਰਕਾਸ਼ ਹਿੱਸੋਵਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵਰਕਰਾਂ ਦੀਆਂ ਕਾਨੂੰਨੀ ਅਤੇ ਅਤਿ ਜ਼ਰੂਰੀ ਮੰਗਾਂ ਦੇ ਹੱਲ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਕੋਵਿਡ ਦੇ ਨਾਂ ’ਤੇ ਦੋ ਸਾਲਾਂ ਤੋਂ ਕਿਰਤੀਆਂ ਨੂੰ ਮਹਿੰਗਾਈ ਭੱਤਾ ਵੀ ਨਹੀਂ ਦਿੱਤਾ ਗਿਆ। ‘ਬਰਾਬਰ ਕੰਮ ਲਈ ਬਰਾਬਰ ਉਜਰਤ’ ਨਾ ਦੇ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਰਕਾਰੀ ਉਜਰਤਾਂ ਵੀ ਨਹੀਂ ਵਧਾਈਆਂ ਜਾ ਰਹੀਆਂ, ਜਦਕਿ 5 ਸਾਲ ਬਾਅਦ ਜਾਂ ਮਹਿੰਗਾਈ ਦੇ 100 ਅੰਕ ਵਧਣ ਉਪਰੰਤ ਘੱਟ ਘੱਟ ਉਜਰਤਾਂ ਦਾ ਵਾਧਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਸਕੀਮ ਵਰਕਰ ਹਨ ਜਿਹੜੇ ਕੰਮ ਪੰਜਾਬ ਵਿੱਚ ਕਰਦੇ ਹਨ ਜਦਕਿ ਕੁੱਲ ਖਰਚ ਦਾ 60 ਫ਼ੀਸਦ ਕੇਂਦਰ ਸਰਕਾਰ ਕਰਦੀ ਹੈ ਜਦਕਿ ਪੰਜਾਬ ਸਰਕਾਰ ਆਪਣਾ 40 ਫ਼ੀਸਦ ਹਿੱਸਾ ਵੀ ਨਹੀਂ ਪਾਉਣਾ ਚਾਹੁੰਦੀ।
ਏਐੱਲਸੀ ਨੇ ਮੁਜ਼ਾਹਰਾਕਾਰੀਆਂ ਤੋਂ ਮੰਗ ਪੱਤਰ ਲਿਆ
ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ ਨੇ ਇਸ ਮੌਕੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਲਿਆ। ਰੋਸ ਧਰਨੇ ਤੋਂ ਤੁਰੰਤ ਬਾਅਦ ਕਿਰਤ ਕਮਿਸ਼ਨਰ, ਜੁਆਇੰਟ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਸੀਟੂ ਦੇ ਵਫ਼ਦ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੇ ਸਾਰੇ ਵਰਕਰਾਂ ਦਾ ਦੋ ਸਾਲਾਂ ਦਾ ਕੱਟਿਆ ਗਿਆ ਡੀਏ ਦਾ ਏਰੀਅਰ ਇੱਕ ਮਹੀਨੇ ’ਚ ਦੇਣ ਅਤੇ ਹੋਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ।