ਬਹਾਦਰਜੀਤ ਸਿੰਘ
ਰੂਪਨਗਰ, 9 ਸਤੰਬਰ
ਮਾਨਸਾ ਪੁਲੀਸ ਵੱਲੋਂ ਸੀਟੂ ਦੇੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉਡੱਤ ’ਤੇੇ ਕਥਿਤ ਤੌਰ ’ਤੇ ਵਹਿਸ਼ੀਆਨਾ ਤਸ਼ਦੱਦ ਕਰਨ ਖ਼ਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਸਥਾਨਕ ਮਹਾਰਾਜਾ ਰਣਜੀਤ ਬਾਗ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਵਿੱਚ ਸੀਪੀਆਈ(ਐੱਮ), ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਦੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ’ਤੇ ਸੀਟੂ ਦੇ ਸੁਬਾਈ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਸੰਬੋਧਨ ਕਰਦਿਆ ਕਿ 5 ਸਤੰਬਰ ਨੂੰ ਤਿੰਨ ਜਥੇਬੰਦੀਆਂ ਨੇ ਸਮੁੱਚੇ ਪੰਜਾਬ ਵਿੱਚ ਪੈਦਲ ਮਾਰਚ ਦਾ ਸੱਦਾ ਦਿੱਤਾ ਸੀ। ਮਾਨਸਾ ਜ਼ਿਲ੍ਹੇ ਦਾ ਆਗੂ ਕੁਲਵਿੰਦਰ ਸਿੰਘ ਉਡੱਤ ਪਾਰਟੀ ਦਫ਼ਤਰ ਵਿੱਚ ਹੋਰ ਸਾਥੀਆਂ ਦੀ ਉਡੀਕ ਕਰ ਰਹੇ ਸਨ। ਇਸ ਮੌਕੇ ਇੱਕ ਆਂਗਣਵਾੜੀ ਵਰਕਰ ਦਾ ਘਰੇਲੂ ਝਗੜਾ ਵੀ ਨਿਪਟਾਇਆ ਜਾ ਰਿਹਾ ਸੀ, ਪਰ ਮਾਨਸਾ ਪੁਲੀਸ ਨੇ ਕੁਲਵਿੰਦਰ ਸਿੰਘ ਉਡੱਤ ’ਤੇ ਦਫ਼ਤਰ ’ਤੇ ਹਮਲਾ ਕਰ ਦਿੱਤਾ ਉਸ ਨੂੰ ਅਤੇ ਹੋਰ ਸਾਥੀਆ ਸਮੇਤ ਫੜ ਕੇ ਥਾਣੇ ਲੈ ਗਏ ਤੇ ਅੰਨ੍ਹਾ ਪੁਲੀਸ ਤਸ਼ੱਦਦ ਕੀਤਾ ਗਿਆ ਤੇ ਸੰਗੀਨ ਧਾਰਾ ਲਗਾ ਕੇ ਜ਼ੇਲ੍ਹ ਭੇਜ ਦਿੱਤਾ ਗਿਆ। ਅੱਜ ਪੂਰੇ ਪੰਜਾਬ ਵਿੱਚ ਇਸ ਝੂਠੇ ਕੇਸ, ਪੁਲੀਸ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਮਾਨਸਾ ਪੁਲੀਸ ਦੇ ਪੁਤਲੇ ਫੂਕੇ ਜਾ ਰਹੇ ਹਨ ਤੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਰੋਸ ਮੁਜ਼ਾਹਰੇ ਕਰਕੇ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੇ ਗਏ ਹਨ। ਕਾਮਰੇਡ ਰਘੂਨਾਥ ਸਿੰਘ ਨੇ ਮੰਗ ਕੀਤੀ ਕਿ ਤਸ਼ਦੱਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਥੀਆ ਨੂੰ ਫੌਰੀ ਤੋਰ ਤੇ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਲੋਕਾਂ ਦੀ ਮੰਗਾਂ ਲਈ ਸੰਘਰਸ਼ ਕਰਦੇ ਜਥੇਬੰਦੀਆਂ ਦੇ ਆਗੂਆ ਤੇ ਬਣਾਏ ਝੂਠੇ ਪੁਲੀਸ ਕੇਸ ਰੱਦ ਕੀਤੇ ਜਾਣ, ਨੰਗਲ-ਆਨੰਦਪੁਰ ਸਾਹਿਬ ਦੇ ਪੁਲਿਸ ਥਾਣਿਆ ਵਿੱਚ ਕਿਸਾਨ ਆਗੂ ਸੁਰਜੀਤ ਸਿੰਘ ਢੇਰ, ਸਤਨਾਮ ਸਿੰਘ ਤੇ ਜਸਵਿੰਦਰ ਸਿੰਘ ਵਡਿਆਲ ਸਮੇਤ ਹੋਰ ਆਗੂਆ ਤੇ ਦਰਜ ਪਰਚੇ ਰੱਦ ਕੀਤੇ ਜਾਣ। ਮੁਜ਼ਾਹਰਾਕਾਰੀਆਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਬਾਗੀ, ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਲੀਪ ਸਿੰਘ ਘਨੌਲਾ, ਸੀਟੂ ਦੇ ਸਕੱਤਰ ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।