ਜਸਬੀਰ ਸਿੰਘ ਚਾਨਾ
ਫਗਵਾੜਾ, 25 ਦਸੰਬਰ
ਸ਼ਨਿਚਰਵਾਰ ਰਾਤ ਇਥੋਂ ਦੇ ਗੋਲ ਚੌਕ ਵਿਚ ਚੰਡੀਗੜ੍ਹ ਤੋਂ ਆਏ ਇਕ ਵਿਅਕਤੀ ਨੂੰ ਤਿੰਨ ਲੁਟੇਰੇ ਆਪਣੀ ਸਕੌਡਾ ਗੱਡੀ ਵਿੱਚ ਬਿਠਾ ਕੇ ਗੁਰਾਇਆ ਸਾਈਡ ਲੈ ਗਏ ਤੇ 45 ਲੱਖ ਰੁਪਏ ਦੀ ਰਾਸ਼ੀ ਖੋਹ ਕੇ ਉਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਪੀੜਤ ਨੇ ਫਗਵਾੜਾ ਪੁੱਜ ਕੇ ਪੁਲੀਸ ਨੂੰ ਲੁੱਟ ਦੀ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਐੱਸਪੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ੰਕਰ ਮੈਣੀ, ਜੋ ਪੂਰਨ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਇਹ ਰਾਸ਼ੀ ਲੈ ਕੇ ਚੰਡੀਗੜ੍ਹ ਤੋਂ ਫਗਵਾੜੇ ਪੁੱਜਾ ਸੀ। ਉਸ ਨੇ ਇੱਥੇ ਕਿਸੇ ਮਨੀ ਚੇਂਜਰ ਦੇ ਪੈਸੇ ਦੇਣੇ ਸਨ। ਇਸੇ ਦੌਰਾਨ ਸਕੋਡਾ ਗੱਡੀ ਵਿੱਚ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਆਪਣੀ ਗੱਡੀ ਵਿਚ ਜਬਰੀ ਬਿਠਾ ਲਿਆ ਤੇ ਗੁਰਾਇਆ ਨਜ਼ਦੀਕ ਪੈਂਦੇ ਸਤਿਸੰਗ ਘਰ ਵੱਲ ਲੈ ਗਏ, ਜਿੱਥੇ ਉਸ ਪਾਸੋਂ ਸਾਰੀ ਨਕਦੀ ਲੁੱਟ ਲਈ ਤੇ ਉਸ ਨੂੰ ਉੱਥੇ ਹੀ ਛੱਡ ਗਏ। ਘਟਨਾ ਦਾ ਸ਼ਿਕਾਰ ਹੋਇਆ ਵਿਅਕਤੀ ਮੁੜ ਖ਼ੁਦ ਫਗਵਾੜੇ ਪੁੱਜਿਆ, ਜਿੱਥੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਤੇ ਪੁਲੀਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ।