ਰਵੇਲ ਸਿੰਘ ਭਿੰਡਰ
ਪਟਿਆਲਾ, 22 ਜੁਲਾਈ
ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸੱਤਾਧਾਰੀ ਧਿਰ ਕਾਂਗਰਸੀ ਆਗੂਆਂ ਦੇ ਕੁਝ ਫਲੈਕਸ ਬੋਰਡਾਂ ’ਤੇ ਅੱਜ ਕਾਲਖ ਮਲ਼ਣ ਦੀ ਘਟਨਾ ਵਾਪਰੀ ਹੈ। ਫਲੈਕਸ ਬੋਰਡਾਂ ’ਤੇ ਕਾਲਖ ਨਾਲ ਈਟੀਟੀ ਯੂਨੀਅਨ ਦੀਆਂ ਮੰਗਾਂ ਨੂੰ ਉਭਾਰਿਆ ਗਿਆ ਹੈ, ਖਾਸ ਕਰਕੇ ਪਿਛਲੇ 124 ਦਿਨਾਂ ਤੋਂ ਟਾਵਰ ’ਤੇ ਡਟੇ ਸੰਘਰਸ਼ੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਾਂਗਰਸ ਸਰਕਾਰ ਨੂੰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਹੋਕਾ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਆਗੂ ਸੰਦੀਪ ਸਾਮਾ ਨੇ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਕਾਂਗਰਸ ਦੇ ਬੋਰਡਾਂ ’ਤੇ ਅੰਕਿਤ ਨਾਅਰੇਬਾਜ਼ੀ ਜਾਂ ਕਾਲਖ ਮਲ਼ਣ ਵਿੱਚ ਕੋਈ ਹੱਥ ਨਹੀਂ ਹੈ। ਉਂਜ ਉਨ੍ਹਾਂ ਮੰਨਿਆ ਕਿ ਟਾਵਰ ਸੰਘਰਸ਼ੀ ਸੁਰਿੰਦਰਪਾਲ ਦੀ ਨਾਸਾਜ਼ ਬਣੀ ਸਿਹਤ ਨੂੰ ਦੇਖਦਿਆਂ ਕਿਸੇ ਸਾਥੀ ਨੇ ਭਾਵੁਕ ਹੋ ਕੇ ਭਾਵੇਂ ਅਜਿਹੇ ਕੰਮ ਨੂੰ ਅੰਜ਼ਾਮ ਦਿੱਤਾ ਹੋਵੇ ਪਰ ਜਥੇਬੰਦੀ ਦਾ ਅਧਿਕਾਰਤ ਤੌਰ ’ਤੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਸੀ।