ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਸਤੰਬਰ
ਆਮ ਆਦਮੀ ਪਾਰਟੀ ਵਿਧਾਇਕ ਮੀਤ ਹੇਅਰ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ‘ਆਪ’ ਕਾਰਕੁਨਾਂ ਨੇ ਖੇਤੀ ਬਿਲਾਂ ਖ਼ਿਲਾਫ਼ ਮੋਗਾ ’ਚ 2.25 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਕਣਕ ਭੰਡਾਰ ਕੋਲ ਲੱਗੇ ਬੋਰਡਾਂ ’ਤੇ ਕਾਲਖ਼ ਪੋਤ ਕੇ ਰੋਸ ਦਰਜ ਕੀਤਾ। ਅਨਾਜ ਭੰਡਾਰ ਅੰਦਰ ਥਾਂ-ਥਾਂ ਲੱਗੇ ਅੰਬਾਨੀ-ਅਡਾਨੀ ਬੋਰਡਾਂ ’ਤੇ ਕਾਲਾ ਰੰਗ ਪੋਤ ਕੇ ਕਾਰਕੁਨਾਂ ਨੇ ‘ਅੰਬਾਨੀ-ਅਡਾਨੀ ਵਾਪਸ ਜਾਓ’ ਦੇ ਨਾਅਰੇ ਲਾਏ। ’ਆਪ’ ਵਿਧਾਇਕ ਮੀਤ ਹੇਅਰ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੰਬਾਨੀ-ਅਡਾਨੀ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਧਰਤੀ ’ਤੇ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਲਾ ਕਾਨੂੰਨ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਸਮੇਤ ਖੇਤ-ਮਜ਼ਦੂਰਾਂ, ਮੁਨੀਮਾਂ, ਆੜ੍ਹਤੀਆਂ, ਪੱਲੇਦਾਰਾਂ, ਕਾਰੀਗਰਾਂ, ਇੰਡਸਟਰੀਆਂ, ਟਰਾਂਸਪੋਰਟਰਾਂ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਇੱਕੋ-ਇੱਕ ਮਕਸਦ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਕੰਪਨੀਆਂ ਦੇ ਰਹਿਮੋ-ਕਰਮ ’ਤੇ ਛੱਡਣਾ ਹੈ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੇਤੀ ਬਿਲਾਂ ਨੂੰ ਪ੍ਰਵਾਨਗੀ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਮੌਕੇ ਅਜੇ ਸ਼ਰਮਾ, ਅਮ੍ਰਿਤਪਾਲ ਸਿੰਘ, ਸੰਜੀਵ ਕੋਛਰ, ਅਵਤਾਰ ਸਿੰਘ ਬੰਟੀ, ਅਮਨ ਰਖੜਾ, ਅਮਿਤ ਪੁਰੀ ਆਦਿ ਹਾਜ਼ਰ ਸਨ।