ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਜੂਨ
ਹਲਕਾ ਮਾਲੇਰਕੋਟਲਾ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਉਤਾਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ 30,503 ਵੋਟਾਂ ਪ੍ਰਾਪਤ ਕਰ ਕੇ ਆਪਣੇ ਨੇੜਲੇ ਵਿਰੋਧੀ ਨੂੰ ਮਾਤ ਦਿੱਤੀ ਹੈ। ਉੱਧਰ, ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਮਾਲੇਰਕੋਟਲਾ ਹਲਕੇ ਵਿੱਚ 22,402 ਵੋਟਾਂ ਪ੍ਰਾਪਤ ਹੋਈਆਂ ਹਨ। ਇੱਥੇ ਸਿਮਰਨਜੀਤ ਸਿੰਘ ਮਾਨ ਨੇ 8,101 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 13,030 ਵੋਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 3543, ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 5412 ਵੋਟਾਂ ਪ੍ਰਾਪਤ ਹੋਈਆਂ ਹਨ।
ਦੱਸਣਯੋਗ ਕਿ ਹਲਕਾ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਦੇ ਵਾਰਡ ਨੰਬਰ 26 ਦੇ ਬੂਥ ਨੰਬਰ 119 ਅਤੇ 120 ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਸਿਮਰਨਜੀਤ ਸਿੰਘ ਮਾਨ ਨਾਲੋਂ ਘੱਟ ਵੋਟਾਂ ਪਈਆਂ ਹਨ। ਬੂਥ ਨੰਬਰ-119 ਤੋਂ ਸਿਮਰਨਜੀਤ ਸਿੰਘ ਮਾਨ ਨੂੰ 142 ਅਤੇ ਗੁਰਮੇਲ ਸਿੰਘ ਘਰਾਚੋਂ ਨੂੰ 41 ਜਦਕਿ ਬੂਥ ਨੰਬਰ-120 ਤੋਂ ਸਿਮਰਨਜੀਤ ਸਿੰਘ ਮਾਨ ਨੂੰ 185 ਅਤੇ ਗੁਰਮੇਲ ਸਿੰਘ ਘਰਾਚੋਂ ਨੁੰ 105 ਵੋਟਾਂ ਪ੍ਰਾਪਤ ਹੋਈਆਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਹਲਕੇ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਜਿੱਤ ਹਾਸਲ ਕੀਤੀ ਸੀ, ਪਰ ਇਸ ਵਾਰ ਆਮ ਆਦਮੀ ਪਾਰਟੀ ਉਮੀਦਵਾਰ ਦਾ 22,402 ਵੋਟਾਂ ’ਤੇ ਸਿਮਟਣਾ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ।
ਭਦੌੜ ਵਿੱਚ 7125 ਵੋਟਾਂ ਨਾਲ ਅੱਗੇ ਰਹੇ ਮਾਨ
ਭਦੌੜ (ਪੱਤਰ ਪ੍ਰੇਰਕ): ਹਲਕਾ ਭਦੌੜ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨਾਲੋਂ 7,125 ਵੋਟਾਂ ਦੇ ਫ਼ਰਕ ਨਾਲ ਅੱਗੇ ਰਹੇ। ਮਿਲੀ ਜਾਣਕਾਰੀ ਮੁਤਾਬਕ ਹਲਕਾ ਭਦੌੜ ਤੋਂ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 27628 ਵੋਟਾਂ, ‘ਆਪ’ ਦੇ ਗੁਰਮੇਲ ਸਿੰਘ ਘਰਾਚੋਂ ਨੂੰ 20503 ਵੋਟਾਂ, ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 8011, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 6026 ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 5327 ਵੋਟਾਂ ਹੀ ਮਿਲੀਆਂ ਹਨ।
ਬਰਨਾਲਾ ਵਿੱਚ ਮਾਨ ਨੇ ‘ਆਪ’ ਨੂੰ ਪਟਕਣੀ ਦਿੱਤੀ
ਬਰਨਾਲਾ (ਰਵਿੰਦਰ ਰਵੀ): ਸੰਗਰੂਰ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਜਦ ਕਿ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ’ਚ ਸਿਮਰਨਜੀਤ ਸਿੰਘ ਮਾਨ ਨੂੰ 25,722 ਵੋਟਾਂ, ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ 23, 258, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 13,188, ਕਾਂਗਰਸ ਦੇ ਦਲਬੀਰ ਗੋਲਡੀ ਨੂੰ 7,120 ਵੋਟਾਂ ਅਤੇ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 4,646 ਵੋਟਾਂ ਹੀ ਪਈਆਂ ਹਨ। ਪਿਛਲੇ ਦਿਨੀਂ ਭਾਜਪਾ ’ਚ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ਨੂੰ ਪੂਰੀ ਆਸ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਰਾਜ ਵੇਲੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਬਦਲੇ ਸ਼ਹਿਰੀਆਂ ਵੱਲੋਂ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਵੋਟਾਂ ਪਾਈਆਂ ਜਾਣਗੀਆਂ ਪਰ ਬਰਨਾਲਾ ਵਾਸੀਆਂ ਨੇ ਸਿਰਫ਼ 13188 ਵੋਟਾਂ ਪਾ ਕੇ ਹੀ ਬੁੱਤਾ ਸਾਰ ਦਿੱਤਾ ਹੈ।
ਮਹਿਲ ਕਲਾਂ ਵਿੱਚ ਅੱਗੇ ਰਹੀ ਆਮ ਆਦਮੀ ਪਾਰਟੀ
ਮਹਿਲ ਕਲਾਂ (ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿੱਚ ਭਾਵੇਂ ਕਿ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਹੈ ਪਰ ਨਿਰੋਲ ਪੇਂਡੂ ਹਲਕੇ ਮਹਿਲ ਕਲਾਂ ਤੋਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਕੋਲੋਂ 203 ਵੋਟਾਂ ਦੇ ਫ਼ਰਕ ਨਾਲ ਪੱਛੜ ਗਏ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਹਿਲ ਕਲਾਂ ਤੋਂ ਅਕਾਲੀ ਦਲ (ਅ) ਦਾ ਉਮੀਦਵਾਰ ਦੂਸਰੇ ਸਥਾਨ ’ਤੇ ਰਿਹਾ ਸੀ। ਅੱਜ ਗਿਣਤੀ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ 25014 ਵੋਟਾਂ ਮਿਲੀਆਂ, ਜਦਕਿ ਗੁਰਮੇਲ ਸਿੰਘ ਘਰਾਚੋਂ ਨੂੰ 25217 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 7822 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ 6383 ਵੋਟਾਂ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 3268 ਵੋਟਾਂ ਮਿਲੀਆਂ ਹਨ। ਹਲਕੇ ਵਿੱਚ 229 ਵੋਟਰਾਂ ਨੇ ‘ਨੋਟਾ’ ਦੀ ਵਰਤੋਂ ਕੀਤੀ ਹੈ।