ਰਾਜਨ ਮਾਨ
ਮਜੀਠਾ, 15 ਫਰਵਰੀ
ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਉਮੀਦਵਾਰ ਅਤੇ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਦਾ ਪੈਂਡਾ ਬਿਖੜਾ ਹੁੰਦਾ ਨਜ਼ਰ ਆ ਰਿਹਾ ਹੈ।
ਹਲਕੇ ਵਿੱਚ ਚੋਣ ਪ੍ਰਚਾਰ ਵਿੱਚ ਪਿਛਲੇ ਦਿਨੀਂ ਅੱਗੇ ਚੱਲੀ ਆ ਰਹੀ ਗੁਨੀਵ ਮਜੀਠੀਆ ਨੂੰ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਕਾਂਗਰਸ ਪਾਰਟੀ ਦੇ ਹਲਕੇ ਦੇ ਦੋਵੇਂ ਧੜੇ ਇਕੱਠੇ ਹੋਣ ਕਾਰਨ ਕਾਂਗਰਸ ਦੀ ਚੋਣ ਪ੍ਰਚਾਰ ਨੂੰ ਹੁਲਾਰਾ ਮਿਲਿਆ ਹੈ। ਹਲਕੇ ਵਿੱਚ ਕਾਂਗਰਸ ਦੀ ਟਿਕਟ ਦੇ ਮੁੱਖ ਦਾਅਵੇਦਾਰ ਭਗਵੰਤਪਾਲ ਸਿੰਘ ਸੱਚਰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋ ਕੇ ਘਰੇ ਬੈਠੇ ਸਨ ਪਰ ਚਾਰ ਦਿਨ ਪਹਿਲਾਂ ਉਹ ਪਾਰਟੀ ਉਮੀਦਵਾਰ ਜੱਗਾ ਮਜੀਠੀਆ ਦੇ ਹੱਕ ਵਿੱਚ ਨਿੱਤਰੇ ਹਨ ਅਤੇ ਇਕੱਠੇ ਰੈਲੀਆਂ ਕਰ ਰਹੇ ਹਨ।
ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਵੀ ਹਲਕੇ ਵਿੱਚ ਪਕੜ ਵਧਦੀ ਜਾ ਰਹੀ ਹੈ। ਲੋਕ ਅੰਦਰਖਾਤੇ ਝਾੜੂ ਦੀਆਂ ਗੱਲਾਂ ਕਰਦੇ ਵੇਖੇ ਜਾ ਰਹੇ ਹਨ, ਜਿਸ ਨੇ ਗੁਨੀਵ ਮਜੀਠੀਆ ਦੀਆਂ ਚਿੰਤਾਵਾਂ ਵਧਾਈਆਂ ਹਨ। ਇਹ ਗੱਲ ਆਮ ਵੇਖਣ ਵਿੱਚ ਆ ਰਹੀ ਹੈ ਕਿ ਲੋਕ ਮੂੰਹ-ਮੁਲਾਹਜ਼ੇ ਨੂੰ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਜੀ ਆਇਆਂ ਕਹਿ ਰਹੇ ਹਨ ਪਰ ਅੰਦਰਖਾਤੇ ਬਦਲਾਅ ਦੀ ਗੱਲ ਕਰ ਰਹੇ ਹਨ। ਹਲਕੇ ਅੰਦਰ ਸਮੀਕਰਨ ਬਦਲਦੇ ਵੇਖ ਹੁਣ ਬਿਕਰਮ ਮਜੀਠੀਆ ਨੂੰ ਵੀ ਪੂਰਬੀ ਹਲਕਾ ਛੱਡ ਕੇ ਮਜੀਠਾ ਹਲਕੇ ਵਿੱਚ ਡਟਣਾ ਪੈ ਰਿਹਾ ਹੈ। ਜਿਹੜੇ ਵੱਡੇ ਪਿੰਡਾਂ ਵਿੱਚ ਹਾਲਤ ਪਤਲੀ ਲੱਗ ਰਹੀ ਸੀ, ਉਨ੍ਹਾਂ ਵਿੱਚ ਮਜੀਠੀਆ ਆਪ ਜਾ ਰਹੇ ਹਨ। ਹਾਲ ਦੀ ਘੜੀ ਮਜੀਠੀਆ ਪਰਿਵਾਰ ਦੀਆਂ ਚਿੰਤਾਵਾਂ ਵਧੀਆਂ ਨਜ਼ਰ ਆ ਰਹੀਆਂ ਹਨ। ਹਲਕੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਦੀ ਵੀ ਚਰਚਾ ਹੈ ਕਿ ਮਜੀਠੀਆ ਨੇ ਹਲਕੇ ਦੇ ਕਿਸੇ ਪੁਰਾਣੇ ਮਿਹਨਤੀ ਅਕਾਲੀ ਆਗੂ ਨੂੰ ਟਿਕਟ ਦੇਣ ਦੀ ਬਜਾਏ ਆਪਣੀ ਪਤਨੀ ਨੂੰ ਦਿੱਤੀ ਹੈ। ਹਲਕੇ ਵਿੱਚ ਇਸ ਵਕਤ ਤਿਕੋਣੀ ਟੱਕਰ ਬਣ ਗਈ ਹੈ।
ਬਿਕਰਮ ਮਜੀਠੀਆ ਵੱਲੋਂ ਅੱਜ ਹਲਕੇ ਦੇ ਸੱਤ ਪਿੰਡ ਭੀਲੋਵਾਲ, ਮੁਕੰਦਪੁਰ, ਨਾਗ ਕਲਾਂ, ਮੀਆਂ ਪੰਧੇਰ, ਰਮਾਣਾ ਚੱਕ, ਵਡਾਲਾ ਅਤੇ ਭੋਮਾ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ ਹਨ।