ਹਰਜੀਤ ਸਿੰਘ
ਡੇਰਾਬੱਸੀ, 2 ਮਾਰਚ
ਇੱਥੋਂ ਦੀ ਤਹਿਸੀਲ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਪਿੰਡ ਜੜੌਤ ਦੀ 85 ਸਾਲਾ ਅਮਰ ਕੌਰ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅਮਰ ਕੌਰ ਨੇ ਤਹਿਸੀਲਦਾਰ ’ਤੇ ਰਜਿਸਟਰੀ ਬਦਲੇ 35 ਹਜ਼ਾਰ ਰੁਪਏ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਕੀਤੀ ਸੀ ਜਿਸ ’ਤੇ ਹਾਲੇ ਤੱਕ ਕਾਰਵਾਈ ਨਾ ਹੋਣ ਖ਼ਿਲਾਫ਼ ਉਸ ਨੇ ਰੋਸ ਪ੍ਰਗਟਾਇਆ ਹੈ। ਉਸ ਨੇ ਹਫ਼ਤੇ ਵਿੱਚ ਕਾਰਵਾਈ ਨਾ ਹੋਣ ’ਤੇ ਤਹਿਸੀਲ ਵਿੱਚ ਪਰਿਵਾਰ ਸਣੇ ਧਰਨੇ ’ਤੇ ਬੈਠਣ ਦੀ ਚਿਤਾਵਨੀ ਦਿੱਤੀ ਹੈ।
ਮੁੱਖ ਚੋਣ ਕਮਿਸ਼ਨਰ ਪੰਜਾਬ, ਮੁੱਖ ਸਕੱਤਰ ਪੰਜਾਬ ਤੇ ਡਿਪਟੀ ਕਮਿਸ਼ਨਰ ਮੁਹਾਲੀ ਸਣੇ ਹੋਰਨਾਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਅਮਰ ਕੌਰ ਨੇ ਕਥਿਤ ਦੋਸ਼ ਲਾਇਆ ਕਿ ਉਹ ਢਾਈ ਏਕੜ ਜੱਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਲੰਘੀ 14 ਜਨਵਰੀ ਨੂੰ ਪਰਿਵਾਰ ਸਣੇ ਤਹਿਸੀਲ ਆਈ ਸੀ। ਤਹਿਸੀਲਦਾਰ ਵੱਲੋਂ ਦਸਤਾਵੇਜ਼ ਵਿੱਚ ਕਮੀ ਹੋਣ ਦਾ ਹਵਾਲਾ ਦਿੰਦੇ ਹੋਏ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉੱਥੇ ਮੌਜੂਦ ਚਪੜਾਸੀ ਨੇ ਰਜਿਸਟਰੀ ਕਰਵਾਉਣ ਲਈ 35 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਅਮਰ ਕੌਰ ਨੇ ਦੱਸਿਆ ਕਿ ਉਨ੍ਹਾਂ ਨਾਲ ਮਦਦ ਲਈ ਆਏ ਬਹਾਦੁਰ ਸਿੰਘ ਝਰਮੜੀ ਨੇ ਰਿਸ਼ਵਤ ਦਾ ਵਿਰੋਧ ਕਰਦਿਆਂ ਤਹਿਸੀਲਦਾਰ ਨਾਲ ਦਸਤਾਵੇਜ਼ਾਂ ਬਾਰੇ ਗੱਲਬਾਤ ਕੀਤੀ। ਮਾਮਲਾ ਵਧਦਾ ਦੇਖ ਕੇ ਤਹਿਸੀਲਦਾਰ ਨੇ ਉਨ੍ਹਾਂ ਦਸਤਾਵੇਜ਼ਾਂ ’ਤੇ ਹੀ ਰਜਿਸਟਰੀ ਤਾਂ ਕਰ ਦਿੱਤੀ ਪਰ ਬਹਾਦੁਰ ਸਿੰਘ ਝਰਮੜੀ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕਰਵਾ ਦਿੱਤਾ। ਬਿਰਧ ਔਰਤ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਤਹਿਸੀਲਦਾਰ ਵੱਲੋਂ ਪੈਸੇ ਮੰਗਣ ਖ਼ਿਲਾਫ਼ ਉਨ੍ਹਾਂ ਨੇ ਕਾਫ਼ੀ ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਇਹ ਸਾਰਾ ਮਾਮਲਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ।
ਪੈਸੇ ਮੰਗਣ ਦੇ ਦੋਸ਼ ਬੇਬੁਨਿਆਦ: ਤਹਿਸੀਲਦਾਰ
ਇਸ ਸਬੰਧੀ ਤਹਿਸੀਲਦਾਰ ਰਮਨਦੀਪ ਕੌਰ ਨੇ ਪੈਸੇ ਮੰਗਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ਰਦ ਵਿੱਚ ਕਮੀ ਸੀ ਜਿਸ ਬਾਰੇ ਪਟਵਾਰੀ ਤੋਂ ਠੀਕ ਕਰਵਾਉਣ ਦੀ ਗੱਲ ਆਖੀ ਸੀ। ਫ਼ਰਦ ਠੀਕ ਕਰਵਾਉਣ ਦੀ ਥਾਂ ਬਹਾਦੁਰ ਸਿੰਘ ਝਰਮੜੀ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ, ਜਿਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਹੈ।