ਪਵਨ ਗੋਇਲ
ਭੁੱਚੋ ਮੰਡੀ, 28 ਅਪਰੈਲ
ਇਤਿਹਾਸਕ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਪਿੰਡ ਵਾਸੀਆਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅੱਜ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਨਸ਼ਿਆਂ ਖ਼ਿਲਾਫ਼ ਪਿੰਡ ਦੇ ਬੱਸ ਅੱਡੇ ’ਤੇ ਪੱਕਾ ਮੋਰਚਾ ਲਗਾ ਦਿੱਤਾ ਹੈ। ਇਸ ਮੋਰਚੇ ਵਿੱਚ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਿੰਡ ਵਾਸੀਆਂ ਵਿੱਚ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਹੋ ਰਹੀ ਚਿੱਟੇ ਦੀ ਵਿਕਰੀ ਬੰਦ ਹੋਣ ਤੱਕ ਮੋਰਚਾ ਜਾਰੀ ਰਹੇਗਾ ਤੇ ਉਦੋਂ ਤੱਕ ਪੁਲੀਸ ਨਾਲ ਆਰ-ਪਾਰ ਦੀ ਲੜਾਈ ਚੱਲੇਗੀ।
ਪਿੰਡ ਵਾਸੀਆਂ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਯਾਦ ਰਹੇ ਕਿ ਇਹ ਇਤਿਹਾਸਕ ਪਿੰਡ ਚੱਪੜਚਿੜੀ ਦੇ ਸ਼ਹੀਦ ਭਾਈ ਫ਼ਤਿਹ ਸਿੰਘ ਦੇ ਨਾਂ ’ਤੇ ਵਸਿਆ ਹੋਇਆ ਹੈ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਇੱਕ ਹਫ਼ਤਾ ਇਸ ਪਿੰਡ ਵਿੱਚ ਠਹਿਰੇ ਸਨ। ‘ਆਪ’ ਵਿਧਾਇਕ ਜਗਸੀਰ ਸਿੰਘ ਵੀ ਇਸੇ ਪਿੰਡ ਦੇ ਵਸਨੀਕ ਹਨ ਤੇ ਇਸ ਪਿੰਡ ਵਿਚ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਹਨ।ਇਸ ਮੌਕੇ ਨਸ਼ਿਆਂ ਖ਼ਿਲਾਫ਼ ਡਟੇ ਪਿੰਡ ਦੇ ਨੌਜਵਾਨ ਲੜਕੇ-ਲੜਕੀਆਂ ਨੇ ਆਖਿਆ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿੱਕ ਰਿਹਾ ਹੈ ਤੇ ਨੌਜਵਾਨ ਨਸ਼ਿਆਂ ਖਾਤਰ ਪਿੰਡ ਵਿੱਚ ਚੋਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪਿੰਡ ਵਾਸੀਆਂ ਨੇ ਤਿੰਨ ਵਾਰ ਭੁੱਚੋ ਪੁਲੀਸ ਚੌਕੀ ਅੱਗੇ ਧਰਨੇ, ਮੁਲਜ਼ਮਾਂ ਨੂੰ ਚੋਰੀ ਕੀਤੇ ਸਾਮਾਨ ਸਣੇ ਫੜ ਕੇ ਪੁਲੀਸ ਹਵਾਲੇ ਕੀਤਾ ਤੇ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਦੇ ਨਾਂ ਵੀ ਦੱਸੇ, ਪਰ ਪੁਲੀਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਪਿੰਡ ਵਿੱਚ ਚਿੱਟਾ ਵਿਕਣੋਂ ਨਾ ਹਟਾਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪਿੰਡ ਵਾਸੀਆਂ ਦੀ ਮਦਦ ਕਰਾਂਗੇ: ਵਿਧਾਇਕ
ਹਲਕਾ ਭੁੱਚੋ ਮੰਡੀ ਤੋਂ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਨੂੰ ਭਰਵਾਂ ਸਹਿਯੋਗ ਦਿੱਤਾ ਜਾਵੇਗਾ ਤੇ ਇਸ ਅਲਾਮਤ ਨੂੰ ਜੜੋਂ ਪੁੱਟਣ ਲਈ ਹਰ ਉਪਰਾਲਾ ਕੀਤਾ ਜਾਵੇਗਾ।