ਦਲਬੀਰ ਸੱਖੋਵਾਲੀਆ
ਬਟਾਲਾ, 15 ਫਰਵਰੀ
ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਪੰਜ ’ਚੋਂ ਚਾਰ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਕੱਦਾਵਰ ਆਗੂਆਂ ਦੀ ਸਾਖ਼ ਇਨ੍ਹਾਂ ਚੋਣਾਂ ਵਿਚ ਦਾਅ ’ਤੇ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨਵੇਂ ਚਿਹਰਿਆਂ ਦੇ ਚੋਣ ਮੈਦਾਨ ਵਿੱਚ ਹੋਣ ਦੇ ਬਾਵਜੂਦ ਕਾਂਗਰਸ ਦੇ ਕੱਦਾਵਰ ਆਗੂਆਂ ਨੂੰ ਆਪੋ-ਆਪਣੇ ਹਲਕਿਆਂ ਵਿਚ ਚੁਣੌਤੀਆਂ ਮਿਲ ਰਹੀਆਂ ਹਨ। ਹਲਕਾ ਬਟਾਲਾ ਦੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰ ’ਚ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਹਲਕੇ ਅਧੀਨ ਆਉਂਦੇ 80 ਪਿੰਡਾਂ ’ਚੋਂ ਜ਼ਿਆਦਾਤਰ ਸਰਪੰਚ ਅਤੇ ਸਮਿਤੀ ਮੈਂਬਰ ‘ਆਪ’ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਵਰਕਰ ਅਤੇ ਆਗੂ ਸੇਖੜੀ ’ਤੇ ਹਲਕੇ ਤੋਂ ਦੂਰ ਰਹਿਣ ਦੇ ਦੋਸ਼ ਲਾ ਰਹੇ ਹਨ। ਇੱਥੋਂ ਉਨ੍ਹਾਂ ਨੂੰ ‘ਆਪ’ ਦੇ ਸ਼ੈਰੀ ਕਲਸੀ ਅਤੇ ਅਕਾਲੀ ਦਲ-ਬਸਪਾ ਦੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਹਲਕਾ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਅਤੇ ‘ਆਪ’ ਦੇ ਜਗਰੂਪ ਸਿੰਘ ਸੇਖਵਾਂ ਵੱਲੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਮਾਹਲ ਚੋਣ ਮੀਟਿੰਗਾਂ ’ਚ ਦੱਸਦੇ ਹਨ ਕਾਂਗਰਸ ਨੇ 1962 ਤੋਂ ਹੁਣ ਤੱਕ ਬਾਜਵਾ ਪਰਿਵਾਰ ਨੂੰ 13 ਵਾਰ ਟਿਕਟਾਂ ਦਿੱਤੀਆਂ ਪਰ ਉਨ੍ਹਾਂ ਨੇ ਬੇਟ ਖੇਤਰ ’ਚ ਸੇਮ ਦੀਆਂ ਸਮੱਸਿਆਵਾਂ ਦੂਰ ਤਾਂ ਕੀ ਕਰਨੀਆਂ ਸਨ, ਉਹ ਨਗਰ ਦੀਆਂ ਸੜਕਾਂ ਦੀ ਮਾੜੀ ਹਾਲਤ ਵੀ ਨਾ ਸੁਧਾਰ ਸਕੇ।
ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਸਖ਼ਤ ਟੱਕਰ ਦੇ ਰਹੇ ਹਨ। ਭਾਵੇਂ ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਨੇ ਵੀ ਆਪਣੀ ਚੋਣ ਮੁਹਿੰਮ ਭਖਾਈ ਹੋਈ ਹੈ ਪਰ ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੀ ਦੱਸਿਆ ਜਾ ਰਿਹਾ ਹੈ।
ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਅਤੇ ‘ਆਪ’ ਦੇ ਬਲਬੀਰ ਸਿੰਘ ਪੰਨੂ ਚੁਣੌਤੀ ਦੇ ਰਹੇ ਹਨ। 2017 ’ਚ ਬਾਜਵਾ ਲਗਪਗ ਇੱਕ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਰਾਜਨਬੀਰ ਸਿੰਘ ਘੁਮਾਣ ਅਤੇ ‘ਆਪ’ ਦੇ ਅਮਰਪਾਲ ਸਿੰਘ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ। ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਭਾਜਪਾ ਵਿਚ ਜਾਣ ’ਤੇ ਕਾਂਗਰਸੀ ਉਮੀਦਵਾਰ ਮਨਦੀਪ ਸਿੰਘ ਸਹੋਤਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।