ਹਰਜੀਤ ਸਿੰਘ ਪਰਮਾਰ
ਬਟਾਲਾ, 7 ਜੂਨ
ਇਥੇ ਮੁਹੱਲਾ ਸੁੰਦਰ ਨਗਰ ਦੇ ਕਰੋਨਾ ਪੀੜਤ ਵਿਅਕਤੀ ਦੀ ਪਤਨੀ ਅਤੇ ਲੜਕੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹੈਰਾਨੀ ਹੈ ਕਿ ਪਰਿਵਾਰ ਦੇ ਤਿੰਨਾਂ ਜੀਆਂ ਵਿਚ ਕਰੋਨਾ ਦਾ ਕੋਈ ਲੱਛਣ ਨਹੀਂ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਲਿਫਾਫੇ ਵੇਚਣ ਵਾਲੇ ਦੀ ਕਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਦੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਕਰੀਬ 50 ਵਿਅਕਤੀ ਦੇ ਨਮੂਨੇ ਲੈ ਕੇ ਟੈਸਟ ਲਈ ਭੇਜੇ ਗਏ ਸਨ। ਅੱਜ ਆਈਆਂ ਰਿਪੋਰਟਾਂ ਵਿੱਚ ਵਿਅਕਤੀ ਦੀ 40 ਸਾਲਾ ਪਤਨੀ ਅਤੇ 18 ਸਾਲਾ ਲੜਕੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਤੁਰੰਤ ਬਾਅਦ ਔਰਤ ਤੇ ਉਸ ਦੀ ਧੀ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰ ਲਿਆ ਗਿਆ ਹੈ ਜਦ ਕਿ ਘਰ ਦਾ ਮਾਲਕ ਪਹਿਲਾਂ ਹੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸੋਮਵਾਰ ਨੂੰ ਬਟਾਲਾ ਦੀ ਸਬਜ਼ੀ ਮੰਡੀ ਅਤੇ ਕਰੋਨਾ ਪੀੜਤ ਪਰਿਵਾਰ ਦੇ ਰਿਹਾਇਸ਼ੀ ਇਲਾਕੇ ਵਿੱਚ ਨਮੂਨੇ ਲਏ ਜਾਣਗੇ। ਇਨ੍ਹਾਂ ਤਿੰਨਾਂ ਵਿੱਚ ਕਰੋਨਾ ਦਾ ਕੋਈ ਲੱਛਣ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਬਾਹਰ ਦੌਰੇ ਦਾ ਰਿਕਾਰਡ ਹੈ।