ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 2 ਅਪਰੈਲ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਇਥੇ ਕਿਹਾ ਕਿ ਦੀਪ ਸਿੱਧੂ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ, ਇਸ ਲਈ ਸੰਯੁਕਤ ਕਿਸਾਨ ਮੋਰਚਾ ਕਦੇ ਵੀ ਦੀਪ ਸਿੱਧੂ ਨਾਲ ਮਿਲ ਕੇ ਨਹੀਂ ਚੱਲ ਸਕਦਾ। ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਮਗਰੋਂ ਦੀਪ ਸਿੱਧੂ ਨਾਲ ਵੀ ਨਜ਼ਦੀਕੀ ਵਧਣ ਦੀ ਸੰਭਾਵਨਾ ਬਾਰੇ ਪੁੱਛੇ ਗਏ ਸਵਾਲ ਬਾਰੇ ਚੜੂਨੀ ਨੇ ਆਖਿਆ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਵਿੱਚ ਫਰਕ ਹੈ। ਲੱਖੇ ਨੇ ਸਿਰਫ ਅਨੁਸ਼ਾਸਨ ਤੋੜਿਆ ਸੀ, ਜਦਕਿ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਨਾਲ ਕਥਿਤ ਕਿਸਾਨ ਅੰਦੋਲਨ ‘ਟੁੱਟਿਆ’ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੱਖੇ ਨੇ ਗ਼ਲਤੀ ਕੀਤੀ ਹੈ ਪਰ ਉਸ ਦਾ ਮਕਸਦ ਵੀ ਖੇਤੀ ਕਾਨੂੰਨ ਵਾਪਸ ਕਰਵਾਉਣੇ ਹਨ। ਉਨ੍ਹਾਂ ਕਿਹਾ ਕਿ ਸਭ ਦਾ ਟੀਚਾ ਹੋਣ ਕਾਰਨ ਉਸ ਨੂੰ ਨਾਲ ਰੱਖਣ ਦਾ ਫੈਸਲਾ ਕੀਤਾ ਹੈ।
ਹਰਿਆਣੇ ਵਿੱਚ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਾਜ਼ਿਸ਼ ਕਦਮ ਦਰ ਕਦਮ ਮੰਡੀਆਂ ਨੂੰ ਤੋੜਨ ਤੇ ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਕੁੜੱਤਣ ਵਧਾਉਣ ਦੀ ਹੈ। ਹੁਣ ਇਹ ਪੰਜਾਬ ਵਿੱਚ ਵੀ ਹੋਣ ਜਾ ਰਿਹਾ ਹੈ। ਇਹ ਖੇਤੀ ਕਾਨੂੰਨ ਲਾਗੂ ਕਰਨ ਦਾ ਹੀ ਇੱਕ ਹਿੱਸਾ ਹੈ। ਅਗਲੇ ਪ੍ਰੋਗਰਾਮ ਬਾਰੇ ਉਨ੍ਹਾਂ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ਵਿੱਚ ਸੰਸਦ ਦੇ ਘਿਰਾਓ ਕੀਤਾ ਜਾਵੇਗਾ ਪਰ ਇਸ ਦੀ ਤਰੀਕ ਬਾਰੇ ਹਾਲੇ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਦੀਆਂ ਹੱਦਾਂ ’ਤੇ ਹੀ ਵਿਸਾਖੀ ਮਨਾਈ ਜਾਵੇਗੀ। ਦਮਦਮਾ ਸਾਹਿਬ ਵਿੱਚ ਵਿਸਾਖੀ ਜੋੜ ਮੇਲੇ ’ਤੇ ਕਾਨਫਰੰਸ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜੇ ਕੋਈ ਹੋਰ ਕਿਸਾਨ ਜਥੇਬੰਦੀ ਕਾਨਫਰੰਸ ਕਰਦੀ ਹੈ ਤਾਂ ਉਹ ਨਿੱਜੀ ਤੌਰ ’ਤੇ ਕਰ ਸਕਦੀ ਹੈ।