ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਪਰੈਲ
ਪੀਆਰਟੀਸੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਪਬਲਿਕ ਨਾਲ ਗੂੜ੍ਹੀ ਸਾਂਝ ਰੱਖਣ ਵਾਲਾ ਇੱਕ ਅਹਿਮ ਅਦਾਰਾ ਹੈ। ਪਰ ਇਨ੍ਹੀਂ ਦਿਨੀਂ ਇਸ ਅਦਾਰੇ ਦੇ ਲਾਵਾਰਿਸਾਂ ਵਰਗੇ ਹਾਲਾਤ ਹਨ ਕਿਉਂਕਿ ਇਸ ਅਦਾਰੇ ਨੂੰ ਚਲਾਉਣ ਲਈ ਲੋੜੀਂਦੇ ਪ੍ਰਮੁੱਖ ਅਧਿਕਾਰੀਆਂ ਵਾਲੀਆਂ ਸਾਰੀਆਂ ਹੀ ਸੀਟਾਂ ਖਾਲੀ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਮੈਨੇਜਿੰਗ ਡਾਇਰੈਕਟਰ ਵਜੋਂ ਕਾਰਜਸ਼ੀਲ ਰਹੇ ਪਰਨੀਤ ਕੌਰ ਸ਼ੇਰਗਿੱਲ (ਆਈਏਐਸ) ਨੂੰ ਕੁਝ ਦਿਨ ਪਹਿਲਾਂ ਇੱਕ ਹੋਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਇੱਥੇ ਕੋਈ ਨਵੀਂ ਤਾਇਨਾਤੀ ਨਹੀਂ ਕੀਤੀ ਗਈ। ਇੰਨਾ ਹੀ ਨਹੀਂ ਏਐੱਮਡੀ ਦੀ ਅਸਾਮੀ ਵੀ ਖਾਲੀ ਪਈ ਹੈ, ਕਿਉਂਕਿ ਇੱਥੇ ਏਐੱਮਡੀ ਰਹੇ ਨਿਤਿਨ ਸਿੰਗਲਾ (ਪੀਸੀਐੱਸ) ਨੂੰ ਇਥੋਂ ਬਦਲ ਕੇ ਐੱਸਡੀਐੱਮ ਲਾ ਦਿੱਤਾ ਗਿਆ ਸੀ। ਇਥੇ ਖਾਲੀ ਹੋਈ ਏਐੱਮਡੀ ਦੀ ਅਸਾਮੀ ’ਤੇ ਵੀ ਅਜੇ ਤੱਕ ਕਿਸੇ ਹੋਰ ਅਧਿਕਾਰੀ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੈ।
ਪੀਆਰਟੀਸੀ ’ਚ ਇੱਕ ਚੇਅਰਮੈਨ ਅਤੇ ਇਕ ਵਾਈਸ ਚੇਅਰਮੈਨ ਸਮੇਤ ਅੱਠ ਡਾਇਰੈਕਟਰਾਂ ਦੀ ਵਿਵਸਥਾ ਹੈ, ਜਿਸ ਨੇ ਹੀ ਪੀਆਰਟੀਸੀ ਦਾ ਬਜਟ ਤੇ ਹੋਰ ਖਰਚੇ ਆਦਿ ਪਾਸ ਕਰਨ ਸਮੇਤ ਨੀਤੀਆਂ ਅਤੇ ਯੋਜਨਾਵਾਂ ਵੀ ਬਣਾਉਣੀਆਂ ਹੁੰਦੀਆਂ ਹਨ। ਇਹ ਸਾਰੀਆਂ ਦਸ ਤਾਇਨਾਤੀਆਂ ਪਿਛਲੀ ਸਕਰਾਰ ਨੇ ਕੀਤੀਆਂ ਸਨ। ਪਹਿਲਾਂ ਕੇਕੇ ਸ਼ਰਮਾ ਨੂੰ ਪੀਆਰਟੀਸੀ ਦਾ ਚੇਅਰਮੈਨ ਲਾਇਆ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਮਗਰੋਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ੍ਰੀ ਸ਼ਰਮਾ ਨੂੰ ਹਟਾ ਕੇ ਹਰਮਿੰਦਰ ਸਿੰਘ ਚੈੜੀਆਂ ਨੂੰ ਚੇਅਰਮੈਨ ਲਾ ਦਿੱਤਾ ਸੀ ਜਦਕਿ ਵਾਈਸ ਚੇਅਰਮੈਨ ਰਹੇ ਗੁਰਿੰਦਰ ਸਿੰਘ ਗਿੰਦੀ ਨੂੰ ਚੰਨੀ ਸਰਕਾਰ ਨੇ ਵੀ ਨਹੀਂ ਹਟਾਇਆ ਸੀ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਵੱਲੋਂ ਪੀਆਰਟੀਸੀ ਦੇ ਅੱਠ ਡਾਇਰੈਕਟਰ ਵੀ ਲਾਏ ਗਏ ਸਨ। ਪਰ ਹੁਣ ‘ਆਪ’ ਦੀ ਸਰਕਾਰ ਆਉਣ ’ਤੇ ਨੈਤਿਕ ਆਧਾਰ ’ਤੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਸਮੇਤ ਸਾਰੇ ਅੱਠ ਡਾਇਰੈਕਟਰਾਂ ਨੇ ਵੀ 31 ਮਾਰਚ ਨੂੰ ਖੁਦ ਹੀ ਅਸਤੀਫ਼ੇ ਦੇ ਦਿੱਤੇ ਸਨ। ਇਸ ਤਰ੍ਹਾਂ ਪੀਆਰਟੀਸੀ ਨੂੰ ਸੁਚੱਜੇ ਢੰਗ ਨਾਲ਼ ਚਲਾਉਣ ਲਈ ਲੋੜੀਂਦੇ ਇਨ੍ਹਾਂ ਦਸ ਅਹੁਦੇਦਾਰਾਂ ਵਾਲੀਆਂ ਸੀਟਾਂ ਵੀ 17 ਦਿਨਾਂ ਤੋਂ ਖਾਲੀ ਪਈਆਂ ਹਨ। ਇਸ ਤਰ੍ਹਾਂ ਹੁਣ ਐੱਮਡੀ, ਏਐੱਮਡੀ, ਸੀਏਓ ਅਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਸਮੇਤ ਅੱਠ ਡਾਇਰੈਕਟਰਾਂ ਦੀਆਂ ਸੀਟਾਂ ਵੀ ਖਾਲੀ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਜਲਦੀ ਕਰਨ ਦੀ ਗੱਲ ਆਖੀ ਹੈ।