ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਸਤੰਬਰ
ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਨੌਜਵਾਨ ਸ਼ਕਤੀ ਨੇ ਭਾਰਤ ਨੂੰ ਵਿਸ਼ਵ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸੂਰਿਆ ਨੇ ਕਿਹਾ ਕਿ ਅੱਜ ਦਾ ਸਮਾਂ ਨੌਜਵਾਨਾਂ ਦਾ ਹੈ ਅਤੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਅਹਿਮ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਸਦਕਾ ਦੇਸ਼ ਵਿੱਚ ਨੌਜਵਾਨ ਵਰਗ ਜਿੱਥੇ ਆਪਣੇ ਲਈ ਰੁਜ਼ਗਾਰ ਪੈਦਾ ਕਰ ਰਿਹਾ ਹੈ, ਉੱਥੇ ਹੀ ਹੋਰਨਾਂ ਨੌਜਵਾਨਾਂ ਵਾਸਤੇ ਵੀ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚੇ ਦੇ ਆਗੂਆਂ ਨੇ ਅਹਿਦ ਲਿਆ ਕਿ ਉਹ ਦੇਸ਼ ਦੀ ਤਰੱਕੀ ਤੇ ਸਮਾਜ ਦੇ ਨਿਰਮਾਣ ਲਈ ਭਾਜਪਾ ਦਾ ਹਰ ਕਦਮ ’ਤੇ ਸਾਥ ਦੇਣਗੇ।
ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਅਤੇ ਹੋਰ ਕਾਰਕੁਨਾਂ ਨੇ ਕੌਮੀ ਪ੍ਰਧਾਨ ਦਾ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦਾ ਦੋਸ਼ਾਲਾ ਤੇ ਸ੍ਰੀ ਸਾਹਿਬ ਭੇਟ ਕਰ ਕੇ ਸਨਮਾਨ ਕੀਤਾ ਗਿਆ। ਕਾਫਲੇ ਦੇ ਰੂਪ ਵਿੱਚ ਉਨ੍ਹਾਂ ਨੂੰ ਸ਼ਹਿਰ ਵਿੱਚ ਲਿਆਂਦਾ ਗਿਆ, ਜਿੱਥੇ ਉਹ ਇਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਆਲੂ ਵਾਲੇ ਕੁਲਚੇ ਦਾ ਸਵਾਦ ਚਖਿਆ ਤੇ ਮਗਰੋਂ ਉਹ ਆਪਣੇ ਹੋਰ ਸਮਾਗਮ ਲਈ ਸੜਕ ਰਸਤੇ ਰਵਾਨਾ ਹੋ ਗਏ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਹੋਰ ਆਗੂ ਵੀ ਹਾਜ਼ਰ ਸਨ।