ਚੰਡੀਗੜ੍ਹ (ਟਨਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੰਘੇ ਦਿਨੀਂ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਐਲਾਨੇ ਸੱਤ ਨੁਕਾਤੀ ‘ਏਜੰਡਾ 2022’ ਨੂੰ ਅੱਗੇ ਵਧਾਉਣ ਲਈ ਤੇਜ਼ੀ ਅਤੇ ਸਰਗਰਮੀ ਨਾਲ ਕੰਮ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿਚਲੇ 84.6 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਜਦੋਂ ਕਿ ਬਾਕੀ ਰਹਿੰਦੇ ਵਾਅਦੇ ਅਗਲੇ ਇਕ ਸਾਲ ਵਿੱਚ ਪੂਰੇ ਕਰ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੱਤ ਨੁਕਾਤੀ ਏਜੰਡੇ ਵਿੱਚ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਪੂਰਨ ਸੁਰੱਖਿਆ ਯਕੀਨੀ ਬਣਾਉਣਾ ਅਤੇ ਔਖੀ ਘੜੀ ਵਿੱਚ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਬਚਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਏਜੰਡੇ ਦਾ ਮੁੱਖ ਮੰਤਵ ‘ਕਾਮਯਾਬ ਤੇ ਖੁਸ਼ਹਾਲ ਪੰਜਾਬ’ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਏਜੰਡੇ ’ਚ ਸੂਬੇ ਦੀ ਜ਼ਰ ਤੇ ਜ਼ਮੀਨ ਦੀ ਪੂਰਨ ਸੁਰੱਖਿਆ ਵੀ ਸ਼ਾਮਲ ਹੈ। ਲੋੜਵੰਦਾਂ ਨੂੰ ਸਰਕਾਰ ਦੇ ਬਣਦੇ ਲਾਭ ਪ੍ਰਦਾਨ ਕਰਨੇ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਨ ਦੇ ਯੋਗ ਬਣਾਉਣਾ ਸ਼ਾਮਲ ਹੈ।