ਜਗਮੋਹਨ ਸਿੰਘ
ਰੂਪਨਗਰ/ਘਨੌਲੀ, 14 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਈਐੱਸਪੀ ਵਿੱਚ ਸੁਆਹ ਭਰ ਜਾਣ ਕਾਰਨ ਬੰਦ ਕੀਤਾ ਹੋਇਆ ਯੂਨਿਟ ਨੰਬਰ ਤਿੰਨ ਹਾਲੇ ਤੱਕ ਚਾਲੂ ਨਹੀਂ ਹੋ ਸਕਿਆ ਹੈ। ਸੂਤਰਾਂ ਅਨੁਸਾਰ ਅੰਬੂਜਾ ਤੇ ਏਸੀਸੀ ਸੀਮਿੰਟ ਕੰਪਨੀਆਂ ਵੱਲੋਂ ਥਰਮਲ ਪਲਾਂਟ ਤੋਂ ਲਈ ਜਾਣ ਵਾਲੀ ਸੁਆਹ ਦੀ ਮਾਤਰਾ ਘਟਾ ਦਿੱਤੀ ਗਈ ਹੈ। ਇਸ ਕਾਰਨ ਕੁਝ ਦਿਨ ਪਹਿਲਾਂ ਯੂਨਿਟ ਨੰਬਰ ਛੇ ਨੂੰ ਬੰਦ ਕਰ ਕੇ ਉਸ ਦਾ ਈਐੱਸਪੀ ਸਾਫ਼ ਕਰ ਕੇ ਯੂਨਿਟ ਮੁੜ ਚਾਲੂ ਕਰ ਦਿੱਤਾ ਗਿਆ ਸੀ, ਪਰ ਯੂਨਿਟ ਤਿੰਨ ਦੇ ਈਐੱਸਪੀ ਵਿੱਚ ਪਈ ਸੁਆਹ ਦਾ ਨਬਿੇੜਾ ਨਾ ਹੋਣ ਕਾਰਨ ਇਹ ਚਾਲੂ ਨਹੀਂ ਕੀਤਾ ਜਾ ਸਕਿਆ। ਅੰਬੂਜਾ ਸੀਮਿੰਟ ਕੰਪਨੀ ਦੀ ਪ੍ਰਤੀਨਿਧੀ ਡੋਰਿਸ ਰਾਓ ਮੁਤਾਬਕ ਉਨ੍ਹਾਂ ਦੀ ਕੰਪਨੀ ਤੋਂ ਤਿਆਰ ਕੀਤੇ ਸੀਮਿੰਟ ਨੂੰ ਬਾਹਰੀ ਥਾਵਾਂ ਵੱਲ ਲਿਜਾਣ ਵਾਲੇ ਵਾਹਨਾਂ ਨੂੰ ਪਿੰਡ ਦਬੁਰਜੀ ਵਿੱਚ ਕਥਿਤ ਤੌਰ ’ਤੇ ਰੋਕਿਆ ਜਾ ਰਿਹਾ ਹੈ। ਧਰਨਾਕਾਰੀਆਂ ਦੇ ਆਗੂ ਰਾਜਿੰਦਰ ਸਿੰਘ ਘਨੌਲਾ ਨੇ ਵਾਹਨ ਘੇਰਨ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਥਰਮਲ ਪਲਾਂਟ ਰੂਪਨਗਰ ਵਿੱਚ ਕੋਲੇ ਦੇ ਚਾਰ ਰੈਕ ਪੁੱਜੇ
ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਅੱਜ ਕੋਲੇ ਦੇ 4 ਰੈਕ ਪੁੱਜੇ ਹਨ। ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਤਾਪਘਰ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਸਨ, ਜਿਨ੍ਹਾਂ ਵਿੱਚੋਂ ਯੂਨਿਟ ਨੰਬਰ 4 ਤੋਂ 160 ਮੈਗਾਵਾਟ, ਯੂਨਿਟ ਨੰਬਰ 5 ਤੋਂ 171 ਮੈਗਾਵਾਟ ਅਤੇ ਯੂਨਿਟ ਨੰਬਰ 6 ਤੋਂ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ। ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਰਵੀ ਕੁਮਾਰ ਵਧਵਾ ਤੋਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਵਿੱਚ ਲਗਪਗ 4 ਦਿਨਾਂ ਲਈ ਕੋਲੇ ਦਾ ਸਟਾਕ ਜਮ੍ਹਾਂ ਹੋ ਗਿਆ ਹੈ।