ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਕਤੂਬਰ
ਲਖੀਮਪੁਰ ਖੀਰੀ ਵਿਚ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਨੂੰ ਗੱਡੀ ਹੇਠ ਦਰੜ ਦੇਣ ਦੀ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ। ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਮੇਤ ਅਮਰੀਕਾ, ਕੈਨੇਡਾ, ਆਸਟਰੇਲੀਆ, ਫਰਾਂਸ, ਹਾਲੈਂਡ ਤੇ ਜਰਮਨੀ ਤੋਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਗੋਦੀ ਮੀਡੀਆ ਵੱਲੋਂ ਇਸ ਘਟਨਾ ਵਿਚ ਕਿਸਾਨਾਂ ਨੂੰ ਹੀ ਦੋਸ਼ੀ ਦੱਸਣ ’ਤੇ ਵੀ ਹੈਰਾਨੀ ਜਤਾਈ ਹੈ।
ਸ੍ਰੀ ਢੇਸੀ ਨੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਨੂੰ ਕਿਸਾਨਾਂ ਦਾ ਕਤਲੇਆਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਦੇਖੀ ਤਾਂ ਉਨ੍ਹਾਂ ਦਾ ਖੂਨ ਖੌਲ ਉੱਠਿਆ। ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਨੇ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪ ਵੀ ਖੇਤੀ ਪਿਛੋਕੜ ਵਾਲੇ ਕਿਸਾਨ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਿਵਾਰਾਂ ਨੂੰ ਇਨਸਾਫ ਦੁਆਉਣ ਲਈ ਯਤਨ ਕਰਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਜਾਰੀ ਰੱਖਣ ਅਤੇ ਇਨਸਾਫ ਦੀ ਲੜਾਈ ਲੜਦੇ ਰਹਿਣ। ਢੇਸੀ ਨੇ ਯਕੀਨ ਦੁਆਇਆ ਕਿ ਉਨ੍ਹਾਂ ਨੂੰ ਦੁਨੀਆਂ ਭਰ ਵਿਚੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਯਾਦ ਦੁਆਇਆ ਕਿ ਉਹ ਪੰਜਾਬ ਦੀ ਅਮੀਰ ਵਿਰਾਸਤ ਦੇ ਵਾਰਸ ਹਨ ਤੇ ਉਹ ਜਾਣਦੇ ਹਨ ਕਿ ਸ਼ਾਂਤਮਈ ਰਹਿ ਕੇ ਇਨਸਾਫ ਕਿਵੇਂ ਲੈਣਾ ਹੈ। ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਫਰਾਂਸ ਤੋਂ ਮਨਜੀਤ ਸਿੰਘ ਗੌਰਸੀਆਂ, ਆਸਟਰੇਲੀਆ ਤੋਂ ਸੁਖਜਿੰਦਰ ਸਿੰਘ, ਜਰਮਨੀ ਤੋਂ ਸੰਤ ਅਜੀਤ ਸਿੰਘ, ਕੈਨੇਡਾ ਤੋਂ ਬਲਦੇਵ ਸਿੰਘ ਬੇਦੀ ਅਤੇ ਹਾਲੈਂਡ ਤੋਂ ਅਮਰਜੀਤ ਸਿੰਘ ਜਵੰਦਾ ਤੇ ਹੋਰ ਪਰਵਾਸੀ ਪੰਜਾਬੀਆਂ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਹੈ।