ਪਾਲ ਸਿੰਘ ਨੌਲੀ
ਜਲੰਧਰ, 10 ਫਰਵਰੀ
ਜਲੰਧਰ ਛਾਉਣੀ ਤੋਂ ਤੀਜੀ ਵਾਰ ਚੋਣ ਲੜ ਰਹੇ ਸਾਬਕਾ ਓਲੰਪੀਅਨ ਪਰਗਟ ਸਿੰਘ ਦੀ ਹਮਾਇਤ ਕਰਨ ਲਈ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪੀ ਦੇਸ਼ਾਂ ਵਿੱਚੋਂ ਸੌ ਤੋਂ ਵੱਧ ਪਰਵਾਸੀ ਪੰਜਾਬੀ ਪੰਜਾਬ ਪੁੱਜੇ ਹਨ। ਇਹ ਪਰਵਾਸੀ ਪੰਜਾਬੀ ਆਪਣੇ ਸਕੇ ਸਬੰਧੀਆਂ ਅਤੇ ਹੋਰ ਦੋਸਤਾਂ-ਮਿੱਤਰਾਂ ਨੂੰ ਪਰਗਟ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।
ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੰਗਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਤੇ ਇੰਗਲੈਂਡ ’ਚ ਗੁਰੂਘਰ ਦੇ ਪ੍ਰਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਹਮਾਇਤ ਕਰਨ ਲਈ ਵੱਖ-ਵੱਖ ਦੇਸ਼ਾਂ ਤੋਂ ਸੌ ਤੋਂ ਵੱਧ ਐੱਨਆਰਆਈ ਆਏ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਤਾਂ 20 ਫਰਵਰੀ ਤੋਂ ਬਾਅਦ ਵਾਪਸ ਪਰਤਣਗੇ ਤੇ ਬਾਕੀ 10 ਮਾਰਚ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਜਾਣਗੇ। ਦਲਜੀਤ ਸਿੰਘ ਸੋਹਤਾ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਤਾਂ ਸਾਲ 2017 ਦੀਆਂ ਚੋਣਾਂ ਦੌਰਾਨ ਕਰੋੜਾਂ ਰੁਪਏ ‘ਆਪ’ ਨੂੰ ਭੇਜੇ ਸਨ। ‘ਆਪ’ ਦੀ ਹਰ ਤਰ੍ਹਾਂ ਨਾਲ ਮਦਦ ਵੀ ਕੀਤੀ ਸੀ। ਉਦੋਂ ਕੇਜਰੀਵਾਲ ਨੇ ਸੁਪਨੇ ਦਿਖਾਏ ਸਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 100 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਪੰਜਾਬ ਨੂੰ ਬਾਦਲਾਂ ਦੇ ਭ੍ਰਿਸ਼ਟ ਰਾਜ ਤੋਂ ਮੁਕਤੀ ਮਿਲੇਗੀ, ਪਰ ਪਾਰਟੀ ਆਪਣੀਆਂ ਹੀ ਗਲਤੀਆਂ ਤੇ ਮਨਮਾਨੀਆਂ ਦਾ ਸ਼ਿਕਾਰ ਹੋ ਕੇ ਹਾਰ ਗਈ। ਉਲਟਾ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਸਪੱਸ਼ਟ ਕਰ ਦਿੱਤਾ ਕਿ ਉਹ ਮਾਫ਼ੀਆ ਵਿਰੁੱਧ ਲੜਾਈ ਨਹੀਂ ਲੜ ਸਕਦੇ। ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਪੰਜ ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਇੱਕਠੇ ਕੀਤੇ ਕਰੋੜਾਂ ਰੁਪਏ ਦਾ ਹਿਸਾਬ ਨਹੀਂ ਦਿੱਤਾ।