ਨਵੀਂ ਦਿੱਲੀ: ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (ਆਈਐਮਏ) ਨੇ ਐਲਾਨ ਕੀਤਾ ਹੈ ਕਿ ਆਯੁਰਵੈਦ ਦੇ ਡਾਕਟਰਾਂ ਨੂੰ ਸਰਜਰੀ ਕਰਨ ਦੀ ਮਨਜ਼ੂਰੀ ਦੇਣ ਖ਼ਿਲਾਫ਼ ਜਥੇਬੰਦੀ ਵੱਲੋਂ ਪਟੀਸ਼ਨ ਮੁਹਿੰਮ ਵਿੱਢੀ ਜਾਵੇਗੀ। ਡਾਕਟਰਾਂ ਦੀ ਜਥੇਬੰਦੀ ਨੇ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਆਈਐਮਏ ਨੇ ਇਸ ਮਾਮਲੇ ’ਤੇ ਪਹਿਲੀ ਤੋਂ 14 ਫਰਵਰੀ ਤੱਕ ਭੁੱਖ ਹੜਤਾਲ ਵੀ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ‘ਗ਼ੈਰ-ਵਿਹਾਰਕ, ਗ਼ੈਰ-ਵਿਗਿਆਨਕ ਤੇ ਅਨੈਤਿਕ’ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨ ਮੁਹਿੰਮ ਤੋਂ ਇਲਾਵਾ ਇਸ ਫ਼ੈਸਲੇ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਆਈਐਮਏ ਨੇ ਕਿਹਾ ਕਿ ਉਨ੍ਹਾਂ ਵੱਲੋਂ 1000 ਡਾਕਟਰਾਂ ਦੀ ਸੂਚੀ ਵੀ ਸੌਂਪੀ ਜਾਵੇਗੀ ਜੋ ਕਿ ਦਿਹਾਤੀ ਇਲਾਕਿਆਂ ਵਿਚ ਸੇਵਾ ਕਰਨ ਦੇ ਚਾਹਵਾਨ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੈਡੀਸਨ ਬਾਰੇ ਕੇਂਦਰੀ ਕੌਂਸਲ ਨੇ ਦਿਹਾਤੀ ਖੇਤਰ ਵਿਚ ਡਾਕਟਰਾਂ ਦੀ ਘਾਟ ਦਾ ਹਵਾਲਾ ਦਿੱਤਾ ਸੀ। -ਪੀਟੀਆਈ