ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 2 ਅਗਸਤ
ਬੇਸ਼ੱਕ ਐਕਸਾਈਜ਼ ਵਿਭਾਗ ਪੰਜਾਬ ਵੱਲੋਂ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਮੰਨਦੇ ਹੋਏ ਇਸ ਦੀ ਹਦੂਦ ਅੰਦਰ ਕੋਈ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਗਿਆ ਪਰ ਦੂਜੇ ਪਾਸੇ ਸੂਬਾ ਸਰਕਾਰ ਨੂੰ ਹਨ੍ਹੇਰੇ ‘ਚ ਰੱਖ ਕੇ ਇਸ ਮੁਕੱਦਸ ਤੇ ਪਵਿੱਤਰ ਸ਼ਹਿਰ ਅੰਦਰ ਡੇਢ ਦਰਜਨ ਤੋਂ ਵੱਧ ਥਾਵਾਂ ‘ਤੇ ਸ਼ਰਾਬ ਮਾਫੀਏ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿੱਕਰੀ ਦਾ ਗੋਰਖ ਧੰਦਾ ਸ਼ਰ੍ਹੇਆਮ ਚਲਾਇਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦੇ ਮਾਲੀਏ ਦਾ ਘਾਟਾ ਵੀ ਪੈ ਰਿਹਾ ਹੈ। ਭਾਵੇਂ ਜ਼ਿਲ੍ਹਾ ਪੁਲੀਸ ਵੱਲੋਂ ਬੀਤੇ ਸਮੇਂ ਦੌਰਾਨ ਨਾਲ ਲਗਦੇ ਪਿੰਡ ਮਜਾਰੀ ਵਿਖੇ ਛਾਪਾ ਮਾਰ ਕੇ ਪੰਜਾਬ ਪੁਲੀਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਜ਼ਾਇਜ਼ ਸ਼ਰਾਬ ਦੀ ਖੇਪ ਬਰਾਮਦ ਕੀਤੀ ਸੀ ਪਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੇਰੋਕ ਚੱਲ ਰਿਹਾ ਇਹ ਕਾਲਾ ਕਾਰੋਬਾਰ ਜਿੱਥੇ ਸਰਕਾਰੀ ਮਾਲੀਏ ਨੂੰ ਸੰਨ੍ਹ ਲਗਾ ਰਿਹਾ ਹੈ ਉੱਥੇ ਹੀ ਨੌਜੁਆਨ ਵਰਗ ਨੂੰ ਵੀ ਸਹਿਜੇ ਸ਼ਰਾਬ ਉਪਲਬੱਧ ਕਰਵਾ ਕੇ ਨਸ਼ੇ ਦੀ ਆਦਤ ਵੀ ਲਗਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਵੀਆਈਪੀ ਰੋਡ, ਨੈਣਾ ਦੇਵੀ ਰੋਡ, ਦਸਮੇਸ਼ ਅਕੈਡਮੀ ਰੋਡ (ਨਹਿਰਾਂ ਲੰਘ ਕੇ), ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀਆਂ ਝੁੱਗੀਆਂ ‘ਚ 7-8 ਥਾਵਾਂ ’ਤੇ ਅਤੇ ਫਾਟਕ ਦੇ ਨਜ਼ਦੀਕ ਅਤੇ ਵਾਰਡ ਨੰਬਰ 11 ਵਿੱਚ, ਕਿਸਾਨ ਹਵੇਲੀ ਦੇ ਨਜ਼ਦੀਕ ਪੱਕੇ ਠਿਕਾਣਿਆਂ ਤੋਂ ਇਲਾਵਾ ਹੋਰ ਕਈ ਥਾਵਾਂ ‘ਤੇ ਇਸ ਕਾਲੇ ਕਾਰੋਬਾਰ ਨਾਲ ਜੁੜੇ ਲੋਕ ਆਪਣਾ ਖਰਚਾ ਚਲਾਉਣ ਲਈ ਵੱਖੋ-ਵੱਖਰੇ ਠਿਕਾਣਿਆਂ ’ਤੇ ਖੜ੍ਹ ਕੇ ਸ਼ਰਾਬ ਵੇਚਦੇ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ’ਚ ਇਸ ਤਰ੍ਹਾਂ ਸ਼ਰਾਬ ਦੀ ਸ਼ਰ੍ਹੇਆਮ ਵਿਕਰੀ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਊਹ ਇਸ ਸਬੰਧੀ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਨੂੰ ਜਲਦ ਹੀ ਪੱਤਰ ਲਿਖਣਗੇ।
ਉੱਧਰ ਅੱਜ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਬੱਸ ਅੱਡੇ ’ਤੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਰਾਬ ਮਾਫੀਏ ’ਤੇ ਤੁਰੰਤ ਨੱਥ ਪਾਈ ਜਾਵੇ। ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੱਸ ਅੱਡੇ ਦੇ ਸਾਹਮਣੇ ਵਾਲੀਆਂ ਝੁੱਗੀਆਂ, ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਸ਼ਰਾਬ ਵਿੱਕ ਰਹੀ ਹੈ। ਪਰ ਸਬੰਧਤ ਅਫਸਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਸ ਮੌਕੇ ਹਲਕਾ ਇੰਚਾਰਜ ਸੰਜੀਵ ਰਾਣਾ, ਡਾ.ਸੰਜੀਵ ਗੌਤਮ, ਜਸਵੀਰ ਜੱਸੂ, ਜਗਜੀਤ ਸਿੰਘ ਜੱਗੀ, ਦਵਿੰਦਰ ਸਿੰਘ ਛਿੰਦੂ ਆਦਿ ਵੀ ਹਾਜ਼ਰ ਸਨ। ਇਸ ਬਾਰੇ ਵਿੱਚ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਕੋਈ ਵੀ ਗ਼ੈਰਕਾਨੂੰਨੀ ਕੰਮ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗਾ ਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਕੀਰਤਪੁਰ ਸਾਹਿਬ (ਪੱਤਰ ਪੇ੍ਰਕ): ਸਥਾਨਕ ਪੁਲੀਸ ਥਾਣਾ ਕੀਰਤਪੁਰ ਸਾਹਿਬ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਐੱਸਐੱਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਥਾਨਕ ਰਾਜਸਥਾਨੀਆਂ ਦੀਆਂ ਝੁੱਗੀਆਂ ਵਿੱਚ ਮਾਰੇ ਛਾਪੇ ਦੌਰਾਨ 24 ਬੋਤਲਾਂ ਦੇਸੀ ਸ਼ਰਾਬ ਸੰਤਰਾ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ ਮਨੋ ਪਤਨੀ ਅਮਰ ਵਾਸੀ ਰਾਜਸਥਾਨੀ ਵਜੋਂ ਹੋਈ ਹੈ। ਇਸੇ ਤਰ੍ਹਾਂ ਇਸੇ ਤਰ੍ਹਾਂ ਭਰਤਗੜ੍ਹ ਤੋਂ ਇਕ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵਿਕਣਯੋਗ 24 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਮਰ ਪੁੱਤਰ ਲਾਲ ਚੰਦ ਵਾਸੀ ਝੁੱਗੀਆਂ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਵੱਜੋਂ ਹੋਈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।